ਕੈਲਗਰੀ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਤੋਂ ਜਬਰੀ ਵਸੂਲੀ ਦੇ ਮਾਮਲੇ ’ਚ ਵੱਡੀ ਕਾਰਵਾਈ; 16 ਮੁਲਜ਼ਮ ਨਾਮਜ਼ਦ

0
9

ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ, ਖ਼ਾਸ ਕਰਕੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ (ਐਕਸਟੌਰਸ਼ਨ) ਦੀ ਲੜੀ ਨੂੰ ਤੋੜਨ ਲਈ ਕੈਲਗਰੀ ਪੁਲੀਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਸ ਮਾਮਲੇ ਨਾਲ ਜੁੜੇ 16 ਮੁਲਜ਼ਮਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀ ਪਛਾਣ ਜਨਤਕ ਕੀਤੀ ਹੈ। ਪੁਲੀਸ ਇਸ ਸਬੰਧੀ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ।

ਕੈਲਗਰੀ ਪੁਲੀਸ ਦੇ ਸੁਪਰਡੈਂਟ ਜੈੱਫ ਬੈੱਲ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਮੁਲਜ਼ਮ ਭਾਈਚਾਰੇ ਵਿੱਚ ਵੱਖ-ਵੱਖ ਨਾਮਾਂ ਜਾਂ ਉਪਨਾਮਾਂ ਦੀ ਵਰਤੋਂ ਕਰਦੇ ਹਨ। ਕੁਝ ਸ਼ੱਕੀਆਂ ਕੋਲ ਵੱਖ-ਵੱਖ ਦੇਸ਼ਾਂ ਦੇ ਦਸਤਾਵੇਜ਼ ਹੋਣ ਕਾਰਨ ਉਨ੍ਹਾਂ ਦੀ ਅਸਲ ਪਛਾਣ ਛੁਪੀ ਹੋਈ ਸੀ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਜਾਰੀ ਕੀਤੀਆਂ ਤਸਵੀਰਾਂ ਵਿੱਚੋਂ ਕਿਸੇ ਵੀ ਵਿਅਕਤੀ ਬਾਰੇ ਕੋਈ ਜਾਣਕਾਰੀ ਰੱਖਦੇ ਹਨ, ਤਾਂ ਤੁਰੰਤ ਸੰਪਰਕ ਕਰਨ।

ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਜਰਨੈਲ ਸਿੰਘ, ਸ਼ਮਸ਼ੇਰ ਸਿੰਘ (ਜੋਸ਼ੀ), ਕਰਨਬੀਰ ਸਿੰਘ, ਅਮਨਦੀਪ ਸਿੰਘ (ਸਿੱਧੂ), ਅਨੁਰਾਗ ਸਿੰਘ, ਤੇਜਿੰਦਰ ਸਿੰਘ, ਅਰਸ਼ਦੀਪ ਮੱਲ੍ਹੀ, ਹਰਮਨ ਗਿੱਲ, ਸੰਦੀਪ ਸਿੰਘ, ਦਕਸ਼ ਗੌਤਮ, ਆਕਾਸ਼ਦੀਪ ਸਿੰਘ, ਗਗਨਦੀਪ ਸਿੰਘ ਗੱਗੀ, ਪਰਵਿੰਦਰ ਸਿੰਘ, ਤਰਨ ਵੀਰ ਸਿੰਘ ਅਤੇ ਗੁਰ ਕਿਰਨ ਧਾਲੀਵਾਲ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੇ ਦੋਸ਼ ਹੇਠ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ।

ਸਰਕਾਰੀ ਅੰਕੜਿਆਂ ਅਨੁਸਾਰ, ਅਪਰੈਲ 2025 ਤੋਂ ਹੁਣ ਤੱਕ ਕੈਲਗਰੀ ਵਿੱਚ ਜਬਰੀ ਵਸੂਲੀ ਨਾਲ ਸਬੰਧਿਤ 49 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 19 ਮਾਮਲਿਆਂ ਵਿੱਚ ਘਰਾਂ, ਵਪਾਰਕ ਅਦਾਰਿਆਂ ਜਾਂ ਗੱਡੀਆਂ ‘ਤੇ ਗੋਲੀਆਂ ਚਲਾਈਆਂ ਗਈਆਂ। ਸਾਲ 2026 ਦੇ ਪਹਿਲੇ 60 ਦਿਨਾਂ ਦੇ ਅੰਦਰ ਹੀ ਜਬਰੀ ਵਸੂਲੀ ਨਾਲ ਜੁੜੀਆਂ ਨੌਂ ਗੋਲ਼ੀਬਾਰੀ ਦੀਆਂ ਵਾਰਦਾਤਾਂ ਹੋਈਆਂ, ਜੋ ਇਸ ਸਮੱਸਿਆ ਦੀ ਗੰਭੀਰਤਾ ਨੂੰ ਬਿਆਨ ਕਰਦੀਆਂ ਹਨ। ਹੁਣ ਤੱਕ ਇਸ ਮਾਮਲੇ ਵਿੱਚ 16 ਵਿਅਕਤੀਆਂ ਵਿਰੁੱਧ 56 ਅਪਰਾਧਿਕ ਦੋਸ਼ ਆਇਦ ਕੀਤੇ ਗਏ ਹਨ।

ਜਾਂਚ ਅਧਿਕਾਰੀਆਂ ਮੁਤਾਬਕ ਇਹ ਅਪਰਾਧੀ ਸੋਸ਼ਲ ਮੀਡੀਆ, ਫ਼ੋਨ ਕਾਲਾਂ ਅਤੇ ਹੋਰ ਆਨਲਾਈਨ ਮਾਧਿਅਮ ਰਾਹੀਂ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਮੋਟੀ ਰਕਮ ਦੀ ਮੰਗ ਕਰਦੇ ਹਨ। ਪੈਸੇ ਨਾ ਦੇਣ ਦੀ ਸੂਰਤ ਵਿੱਚ ਅਗਵਾ, ਹਥਿਆਰਾਂ ਦੀ ਨੋਕ ‘ਤੇ ਧਮਕਾਉਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਲਗਰੀ ਪੁਲੀਸ ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ। ਪੁਲੀਸ ਨੇ ਪੀੜਤਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਅਪਰਾਧੀਆਂ ਨੂੰ ਫਿਰੌਤੀ ਦੀ ਰਕਮ ਨਾ ਦੇਣ, ਸਗੋਂ ਧਮਕੀਆਂ ਦੇ ਸਬੂਤ ਸੰਭਾਲ ਕੇ ਤੁਰੰਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੱਕ ਪਹੁੰਚ ਕਰਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੱਕ ਇਸ ਗਿਰੋਹ ਦਾ ਮੁਕੰਮਲ ਖ਼ਾਤਮਾ ਨਹੀਂ ਹੋ ਜਾਂਦਾ, ਇਹ ਮੁਹਿੰਮ ਜਾਰੀ ਰਹੇਗੀ।