ਕੈਪਟਨ ਫੇਸਬੁੱਕ ਰਾਹੀਂ ਚਲਾ ਰਹੇ ਨੇ ਸਰਕਾਰ: ਭਗਵੰਤ ਮਾਨ

0
889

ਮੋਗਾ: ਆਮ ਆਦਮੀ ਪਾਰਟੀ (ਆਪ) ਨੇ ਲੋਕ ਸਮੱਸਿਆਵਾਂਂ ਸੁਣਨ ਲਈ ਪਿੰਡ ਖੋਸਾ ਪਾਂਡੋ ਤੋਂ ‘ਪੰਜਾਬੀਆਂ ਦਾ ਮਾਣ, ਪੰਜਾਬੀਆਂ ਦੇ ਨਾਲ’ ਰੂਬਰੂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਪਾਰਟੀ ਆਗੂ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨਗੇ। ਇਸ ਮੌਕੇ ਪਾਰਟੀ ਦੇ ਸੂਬਾਈ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਆਮ ਲੋਕਾਂ ਦੀਆਂ ਟਰੈਵਲ ਏਜੰਟਾਂ ਨਾਲ ਸਬੰਧਤ ਤੇ ਹੋਰ ਸ਼ਿਕਾਇਤਾਂ ਸੁਣੀਆਂ ਜਾਣਗੀਆਂ ਤੇ ਮੌਕੇ ਉੱਤੇ ਹੀ ਹੱਲ ਜਾਂ ਕਾਰਵਾਈ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਫੋਨ ਉੱਤੇ ਸੰਪਰਕ ਕੀਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਸੰਗਰੂਰ ਹਲਕੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ‘ਸਾਡਾ ਐੱਮਪੀ ਸਾਡੇ ਘਰ’ ਮੁਹਿੰਮ ਤਹਿਤ ਦੂਜਾ ਪੜਾਅ ਪੂਰਾ ਕਰ ਲਿਆ ਹੈ। ਭਗਵੰਤ ਮਾਨ ਨੇ ਚੰਗਾਲੀਵਾਲਾ ਕਾਂਡ ਤੇ ਹੋਰ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ। ਸੂਬੇ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਯੂਰਪ ਤੋਂ ਫੇਸਬੁੱਕ ਰਾਹੀਂ ਸਰਕਾਰ ਚਲਾ ਰਹੇ ਹਨ।