ਜੰਗਲਾਂ ਰਾਹੀਂ ਕੈਨੇਡਾ-ਅਮਰੀਕਾ ਪੁੱਜਣ ਵਾਲੇ ਪੰਜਾਬੀਆਂ ਦੀ ਦੁੱਖ ਭਰੀ ਗਾਥਾ ਬਿਆਨੀ

0
1959

ਟੋਰਾਂਟੋ: ਪੰਜਾਬ ਤੋਂ ਪੱਕੀ ਇਮੀਗ੍ਰੇਸ਼ਨ/ਵੀਜ਼ਾ ਲੈ ਕੇ ਜਹਾਜ਼ਾਂ ਰਾਹੀਂ ਆਰਾਮ ਨਾਲ ਕੈਨੇਡਾ ਅਤੇ ਅਮਰੀਕਾ ਪੁੱਜੇ ਬਹੁਤ ਸਾਰੇ ਵਿਅਕਤੀਆਂ ਨੂੰ ਓਥੇ ਸਹੂਲਤਾਂ ਦਾ ਅਨੰਦ ਮਾਣਦਿਆਂ ਭੱਲ ਨਾ ਪਚਣ (ਅਨੇਕ ਪ੍ਰਕਾਰ ਦੇ ਜੁਰਮਾਂ ਦੇ ਕੇਸਾਂ ‘ਚ ਘਿਰਨ) ਦੀਆਂ ਖ਼ਬਰਾਂ ਆਉਂਦੇ ਰਹਿਣ ਦੇ ਨਾਲ-ਨਾਲ ਹੀ ਦੇਸ਼-ਵਿਦੇਸ਼ਾਂ ‘ਚ ਉਨ੍ਹਾਂ ਦੇਸ਼ਾਂ ਵਿਚ ਪਹੁੰਚਣ ਦਾ ਸੁਪਨਾ ਸੱਚ ਕਰਨ ਵਾਸਤੇ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਤਲੀਆਂ ‘ਤੇ ਰੱਖ ਕੇ ਦਿਨ ਅਤੇ ਰਾਤਾਂ ਜੂਝਦੇ ਹਨ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦ ਪੰਜਾਬ ਤੋਂ ਦਿੱਲੀ ਹੁੰਦੇ ਹੋਏ ੯ ਮਹੀਨਿਆਂ ਦੌਰਾਨ ੧੧ ਵੱਖ-ਵੱਖ ਦੇਸ਼ਾਂ ‘ਚ ਖੁਜਲ-ਖੁਆਰ ਹੁੰਦੇ ਹੋਏ ਦੋ ਪੰਜਾਬੀ ਕੈਨੇਡਾ
ਪੁੱਜੇ।
ਉਨ੍ਹਾਂ ਨੇ ਆਪਣੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਹੱਡ ਬੀਤੀ ਸੁਣਾਈ ਤਾਂ ਕਿ ਪਾਠਕਾਂ ਰਾਹੀਂ ਉਨ੍ਹਾਂ ਦਾ ਸੰਦੇਸ਼ ਪੰਜਾਬ ਵਿਚ ਵਿਦੇਸ਼ਾਂ ਨੂੰ ਨਿਕਲਣ ਵਾਸਤੇ ਤਤਪਰ ਲੋਕਾਂ ਤੱਕ ਪੁੱਜ ਸਕੇ।
ਘਰੋਂ ਚੱਲ ਕੇ ਕੈਨੇਡਾ ਪਹੁੰਚਣ ਤੱਕ ਏਜੰਟਾਂ ਰਾਹੀਂ ਇਕ ਦਾ ਖ਼ਰਚ ੩੫ ਕੁ ਲੱਖ ਰੁਪਏ ਅਤੇ ਦੂਸਰੇ ਪੰਜਾਬੀ ਦਾ ੪੮ ਲੱਖ ਰੁਪਏ ਖ਼ਰਚ ਹੋਇਆ ਉਨ੍ਹਾਂ ਨੇ ਆਪਣੇ ਨਾਂਅ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਘਰੋਂ ਤੁਰਨ ਵੇਲੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਕਿ ਕਿਹੜੇ ਔਖੇ ਅਤੇ ਜੰਗਲ਼ੀ ਪੈਂਡੇ ਤਹਿ ਕਰਨੇ ਪੈਣੇ ਹਨ।
ਦਿੱਲੀ ਤੋਂ ਜਹਾਜ਼ ਰਾਹੀਂ ਉਨ੍ਹਾਂ ਨੂੰ ਅਫ਼ਰੀਕਾ ਲਿਜਾਇਆ ਗਿਆ, ਜਿੱਥੋਂ ਉਹ ਬਰਾਜ਼ੀਲ ਪੁੱਜੇ ਬਰਾਜ਼ੀਲ ਤੋਂ ਪੀਰੂ ਦੇਸ਼ ਵਿਚ ਲਿਜਾਏ ਗਏ। ਪੀਰੂ ਤੋਂ ਇਕਵਾਡੋਰ ਦਾ ਸਫ਼ਰ ਤਹਿ ਕੀਤਾ।
ਉਥੋਂ ਅੱਗੇ ਕੋਲੰਬੀਆ ਗਏ, ਜਿਥੋਂ ਔਖੀਆਂ ਰਾਹਾਂ ਦਾ ਪੈਦਲ ਸਫ਼ਰ ਸ਼ੁਰੂ ਹੋਇਆ। ਏਜੰਟ ਕਦੇ ਗੱਡੀਆਂ ਵਿਚ ਬਿਠਾ ਲੈਂਦੇ ਅਤੇ ਕਦੇ ਪੈਦਲ ਤੋਰ ਲੈਂਦੇ ਸਨ। ਕੋਲੰਬੀਆ ਤੋਂ ਪਨਾਮਾ ਪੁੱਜੇ ਪਨਾਮਾ ਗਾਹ ਕੇ ਉਹ ਕੋਸਟਾ ਰੀਕਾ ਦਾਖਲ ਹੋਏ।
ਉਨ੍ਹਾਂ ਆਖਿਆ ਕਿ ਰਸਤੇ ਘਾਟੀਆਂ, ਪਹਾੜੀਆਂ, ਵਿਰਾਨ ਅਤੇ ਦਰਿਆਈ ਇਲਾਕੇ ਬਹੁਤ ਡਰਾਉਣੇ ਸਨ ਅਤੇ ਅਕਸਰ ਦਸ ਦਿਨਾਂ ਤੱਕ ਕੁਝ ਖਾਣ ਨੂੰ ਨਸੀਬ ਨਹੀਂ ਹੁੰਦਾ ਸੀ। ਵਗਦੇ ਦਰਿਆਵਾਂ ਜਾਂ ਛੱਪੜਾਂ ਦਾ ਗੰਦਾ ਪਾਣੀ ਪੀ ਕੇ ਜਾਨਾਂ ਬਚਾਉਣੀਆਂ ਪੈਂਦੀਆਂ ਸੀ। ਉਨ੍ਹਾਂ ਰਾਹਾਂ ‘ਚੋਂ ਏਜੰਟ ਲੋਕਾਂ ਨੂੰ ਲਗਾਤਾਰਤਾ ਨਾਲ਼ ਤੋਰ ਕੇ ਇਕ ਤੋਂ ਦੂਜੇ ਦੇਸ਼ ਵਿਚ ਅਪੜਾਉਂਦੇ ਹਨ। ਨਿਕਾਰਾਗੁਆ ਵਿਚ ਸੁਰੱਖਿਆ ਦਸਤੇ ਤੋਂ ਜਾਨ ਛੁਡਾ ਕੇ ਉਹ ਹੋਂਡੂਰਾਸ ਪੁੱਜੇ। ਜਿੱਥੋਂ ਖਪਦਿਆਂ ਗੁਆਟੇਮਾਲਾ ਵਿਚ ਦਾਖਲ ਹੋ ਗਏ ਅਤੇ ਉਸ ਦੇਸ਼ ਨੂੰ ਪਾਰ ਕਰਕੇ ਮੈਕਸੀਕੋ ਪੁੱਜ ਗਏ।
ਜਿੱਥੇ ਗ੍ਰਿਫ਼ਤਾਰ ਕਰਕੇ ਡਿਟੈਂਸ਼ਨ ਸੈਂਟਰ ਵਿਚ ਬੰਦ ਕਰ ਦਿੱਤੇ। ਮਹੀਨੇ ਕੁ ਬਾਅਦ ਉਨ੍ਹਾਂ ਨੂੰ ਮੈਕਸੀਕੋ ਛੱਡ ਜਾਣ ਦੇ ਹੁਕਮ ਕਰ ਦਿੱਤੇ
ਗਏ।
ਉਨ੍ਹਾਂ ਦੀ ਮੰਜ਼ਿਲ ਤਾਂ ਅਮਰੀਕਾ ਸੀ ਪਰ ਏਜੰਟ ਨੇ ਉਨ੍ਹਾਂ ਨੂੰ ਕੈਨੇਡਾ ਜਾਣ ਵਾਲ਼ੇ ਜਹਾਜ਼ ਵਿਚ ਬਿਠਾਉਣ ਦਾ ਪ੍ਰਬੰਧ ਕਰ ਦਿੱਤਾ। ਆਪਣੇ ਔਖੀਆਂ ਰਾਹਾਂ ਦੇ ਸਫ਼ਰ ਤੋਂ ਭੈਭੀਤ ਹੋਇਆਂ ਨੂੰ ਅਜੇ ਇਹ ਤਾਂ ਸਮਝ ਨਹੀਂ ਲੱਗ ਰਹੀ ਕਿ ਉਹ ਕੈਨੇਡਾ ਵਿਚ ਰਹਿਣਗੇ ਜਾਂ ਓਥੋਂ ਅਗਾਂਹ ਅਮਰੀਕਾ ਜਾਣਾ ਚਾਹੁਣਗੇ। ਉਨ੍ਹਾਂ ਇਹ ਜ਼ਰੂਰ ਆਖਿਆ ਕਿ ਅਗਰ ਕੋਈ ਏਜੰਟ ਕਿਸੇ ਨੂੰ ਦੱਖਣੀ ਅਮਰੀਕਾ ਦੇ ਉਪਰੋਕਤ ਦੇਸ਼ਾਂ ਦੇ ਰਸਤੇ ਗ਼ੈਰ-ਕਾਨੂੰਨੀ ਤਰੀਕੇ ਨਾਲ਼ ਅਮਰੀਕਾ ਭੇਜਣ ਦੀ ਗੱਲ ਆਖੇ ਤਾਂ ਰੱਬ ਦਾ ਵਾਸਤਾ ਹਾਂ ਨਾ
ਕਰਨਾ।