ਕੈਨੇਡਾ ਨੂੰ ਦਰੜ ਕੇ ਭਾਰਤ ਚੈਂਪੀਅਨ ਬਣਿਆ

0
953

ਡੇਰਾ ਬਾਬਾ ਨਾਨਕ: ਪਹਿਲੀਂ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਕਰਵਾਏ ਗਏ ਕੌਮਾਂਤਰੀ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਕੈਨੇਡਾ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਮੈਚ ਵਿੱਚ ਭਾਰਤ ਨੇ ੬੪ ਅਤੇ ਕੈਨੇਡਾ ਦੀ ਟੀਮ ਨੇ ਸਿਰਫ਼ ੧੯ ਅੰਕ ਬਣਾਏ।
ਇਸ ਤੋਂ ਪਹਿਲਾਂ ਅਮਰੀਕਾ ਤੇ ਇੰਗਲੈਂਡ ਵਿਚਾਲੇ ਹੋਏ ਫਸਵੇਂ ਮੁਕਾਬਲੇ ਵਿੱਚ ਅਮਰੀਕਾ ਨੇ ੪੩ ਤੇ ਇੰਗਲੈਂਡ ਨੇ ੩੩ ਅੰਕ ਪ੍ਰਾਪਤ ਕੀਤੇ। ਇਸ ਤਰ੍ਹਾਂ ਅਮਰੀਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਮੰਗਲਵਾਰ ਨੂੰ ਕਰਵਾਏ ਗਏ ਅੰਤਰਰਾਸ਼ਟਰੀ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਅੰਤਰਰਾਸ਼ਟਰੀ ਕਬੱਡੀ ਕੱਪ ਦੀ ਸ਼ੁਰੂਆਤ ਮੌਕੇ ਗਾਇਕ ਗੁਰਲੇਜ ਅਖਤਰ, ਜਸਬੀਰ ਜੱਸੀ ਅਤੇ ਪ੍ਰਸਿੱਧ ਕੁਮੈਂਟੇਟਰ ਸਤਿੰਦਰ ਸੱਤੀ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਉਪਰੰਤ ਇੰਗਲੈਂਡ ਦੇ ਪਰਮਜੋਤ ਸੰਘਾ, ਮਨਿੰਦਰ ਪੁਆਰ, ਮੰਗਾ ਮਿੱਠਾਪੁਰੀ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਕਾਰਨ ਇੰਗਲੈਂਡ ਦੀ ਟੀਮ ਨੇ ਅਮਰੀਕਾ ਨੂੰ ੧੦ ਅੰਕਾਂ ਨਾਲ ਹਰਾਇਆ।
ਅੰਤਰਰਾਸ਼ਟਰੀ ਕਬੱਡੀ ਕੱਪ ਦੀ ਫਾਈਨਲ ਮੁਕਾਬਲਾ ਭਾਰਤ ਤੇ ਕੈਨੇਡਾ ਦਰਮਿਆਨ ਹੋਇਆ। ਇਸ ਮੈਚ ਵਿੱਚ ਭਾਰਤ ਦੇ ਅਮਨਦੀਪ, ਵਿਨੈ ਖੱਤਰੀ ਤੇ ਗੁਰਪ੍ਰੀਤ ਵੱਲੋਂ ਬਿਹਤਰੀਨ ਖੇਡ ਦਿਖਾਈ ਗਈ, ਜਿਸ ਨਾਲ ਭਾਰਤ ਨੇ ਕੈਨੇਡਾ ਨੂੰ ੬੪-੧੯ ਫ਼ਰਕ ਨਾਲ ਹਰਾਇਆ ਤੇ ਅੰਤਰਰਾਸ਼ਟਰੀ ਕਬੱਡੀ ਕੱਪ ਤੇ ਕਬਜ਼ਾ ਕੀਤਾ। ਇੱਥੇ ਦੱਸਣਯੋਗ ਹੈ ਕਿ ਅੰਤਰਾਰਾਸ਼ਟਰੀ ਕਬੱਡੀ ਕੱਪ ਦੇ ਪਹਿਲੇ ਕੁਆਰਟਰ ਵਿੱਚ ਭਾਰਤ ਨੇ ੨੧ ਤੇ ਕੈਨੇਡਾ ਦੀ ਟੀਮ ਨੇ ਸਿਰਫ ਚਾਰ ਅੰਕ ਹਾਸਲ ਕੀਤੇ। ਫਾਈਨਲ ਮੈਚ ਰੋਮਾਂਚਕ ਨਾ ਹੁੰਦਿਆਂ ਦੇਖ ਕੇ ਖੇਡ ਪ੍ਰੇਮੀ ਮੈਦਾਨ ਵਿੱਚੋਂ ਉੱਠਣੇ ਸ਼ੁਰੂ ਹੋ ਗਏ। ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ, ਰੰਧਾਵਾ ਵੱਲੋਂ ਅੰਤਰਰਾਸ਼ਟਰੀ ਕਬੱਡੀ ਕੱਪ ਜੇਤੂ ਭਾਰਤ ਟੀਮ ਨੂੰ ੨੫ ਲੱਖ, ਦੂਸਰਾ ਸਥਾਨ ਪ੍ਰਾਪਤ ਕਰਨ ਲਈ ਕੈਨੇਡਾ ਦੀ ਟੀਮ ਨੂੰ ੧੫ ਲੱਖ ਤੇ ਅਮਰੀਕਾ ਦੀ ਟੀਮ ਨੂੰ ੧੦ ਲੱਖ ਰੁਪਏ ਨਕਦ ਇਨਾਮ ਦਿੱਤਾ ਗਿਆ।