ਟੋਰਾਂਟੋ: ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿ ਰਹੇ ਪੱਕੇ ਵਿਦੇਸ਼ੀ ਮੂਲ ਦੇ ਲੋਕ ਆਪਣੇ ਮਾਪਿਆਂ ਨੂੰ ਸਪਾਂਸਰ ਕਰਨ ਲਈ ਉਤਾਵਲੇ ਹਨ, ਪਰ ਇਮੀਗ੍ਰੇਸ਼ਨ ਨੀਤੀ ਦੀਆਂ ਕਮਜ਼ੋਰੀਆਂ ਕਾਰਨ ਅਸਥਿਰਤਾ ਬਰਕਰਾਰ ਹੈ। ਇਸ ਸਾਲ ੨੮ ਜਨਵਰੀ ਨੂੰ ਸਪਾਂਸਰ ਕਰਨ ਦੇ ਚਾਹਵਾਨ ਲੋਕਾਂ ਨੂੰ ਆਪਣੀ ਇੱਛਾ ਜ਼ਾਹਿਰ ਕਰਨ ਦਾ ਮੌਕਾ ਦਿੱਤਾ ਗਿਆ ਸੀ, ਜਿਸ ਤਹਿਤ ਇੰਟਰਨੈੱਟ ਰਾਹੀਂ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਖੋਲ੍ਹੀ ਗਈ ਵੈਬਸਾਈਟ ‘ਤੇ ‘ਐਕਸਪ੍ਰੈਸ ਆਫ ਇੰਟਰਸਟ ਟੂ ਸਪਾਂਸਰ’ ਅਪਲਾਈ ਕੀਤਾ ਜਾਣਾ ਸੀ। ਉਸੇ ਦਿਨ ਵੈੱਬਸਾਈਟ ਬੰਦ ਕਰਨੀ ਪਈ, ਕਿਉਂਕਿ ੧੦ ਕੁ ਮਿੰਟਾਂ ਤੋਂ ਘੱਟ ਸਮੇਂ ‘ਚ ੨੭੦੦੦ ਤੋਂ ਵੱਧ ਲੋਕਾਂ ਨੇ ਅਪਲਾਈ ਕਰ ਦਿੱਤਾ ਸੀ। ਇਸ ਫਲਾਪ ਤਰੀਕੇ ਨਾਲ਼ ਬਹੁਤ ਸਾਰੇ ਲੋਕ ਅਪਲਾਈ ਕਰਨ ਤੋਂ ਰਹਿ ਗਏ, ਜਿਨ੍ਹਾਂ ਨੇ ਆਪਣੇ ਕਾਗ਼ਜ਼ ਤਿਆਰ ਕੀਤੇ ਸਨ ਅਤੇ ਕਾਨੂੰਨੀ ਮਾਹਿਰਾਂ ਨੂੰ ਮਹਿੰਗੀਆਂ ਫ਼ੀਸਾਂ ਭਰੀਆਂ ਸਨ। ਹਰੇਕ ਸਾਲ ਕੈਨੇਡਾ ਵਾਸੀ ਲੋਕ ਦਸੰਬਰ ‘ਚ ਵਿਦੇਸ਼ਾਂ ਮਾਪਿਆਂ ਨੂੰ ਪੱਕੇ ਤੌਰ ‘ਤੇ ਸੱਦਣ ਲਈ ਤਿਆਰੀ ਸ਼ੁਰੂ ਕਰਦੇ ਹਨ ਪਰ ਆਖ਼ਿਰ ‘ਚ ਮੌਕਾ ਕਿਸੇ ਵਿਰਲੇ ਪਰਿਵਾਰ ਨੂੰ ਮਿਲ਼ਦਾ ਹੈ ਅਤੇ ਰਹਿ ਜਾਣ ਵਾਲ਼ੇ ਪਰਿਵਾਰਾਂ ਨੂੰ ਆਪਣੇ ਖ਼ਰਚੇ ਅਤੇ ਸਮੇਂ ਦਾ ਨੁਕਸਾਨ ਝੱਲਣਾ ਪੈਂਦਾ ਹੈ। ਇਸ ਪੱਖਪਾਤੀ ਨੀਤੀ ਦੀ ਬੀਤੇ ਕਈ ਸਾਲਾਂ ਤੋਂ ਹਰੇਕ ਪਾਸਿਉਂ ਭਰਵੀਂ ਆਲੋਚਨਾ ਹੁੰਦੀ ਰਹਿੰਦੀ ਹੈ ਪਰ ਕੈਨੇਡਾ ਸਰਕਾਰ ਅਜੇ ਤੱਕ ਇਸ ਦਾ ਹੱਲ ਨਹੀਂ ਕੱਢ ਸਕੀ ਅਤੇ ਸੁਪਰ ਵੀਜ਼ਾ ਅਪਲਾਈ ਕਰਨ ਨੂੰ ਕਿਹਾ ਜਾਂਦਾ ਹੈ ਤਾਂਕਿ ਆਰਜ਼ੀ ਤੌਰ ‘ਤੇ ਪਰਿਵਾਰ ਇਕੱਠੇ ਹੋ
ਸਕਣ।
ਨਵੀਂ ਸਰਕਾਰ ‘ਚ ਬੀਤੀ ੨੦ ਨਵੰਬਰ ਨੂੰ ਦੇਸ਼ ਦਾ ਇਮੀਗ੍ਰੇਸ਼ਨ ਮੰਤਰੀ ਬਦਲ ਦਿੱਤਾ ਗਿਆ ਸੀ ਪਰ ਨਵੇਂ ਮੰਤਰੀ ਮਾਰਕੋ ਮੈਂਡੀਚੀਨੋ ਨੇ ਅਜੇ ਨੀਤੀਗਤ ਤੌਰ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ।













