ਕੈਪਟਨ ਨੇ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ ਨੌਜਵਾਨਾਂ ਨਾਲ ਮੁਲਾਕਾਤ ਕੀਤੀ

0
575

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਤਹਿਤ ਸੂਬੇ ‘ਚ ਆਏ ਨੌਜਵਾਨਾਂ ਨੂੰ ਕੁਝ ਲੋਕਾਂ ਵਲੋਂ ਵਿਦੇਸ਼ੀ ਧਰਤੀ ‘ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ਸੂਬੇ ਦੇ ਦੂਤ ਵਜੋਂ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਅੱਜ ਇਸ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ ੧੭ ਨੌਜਵਾਨਾਂ ਤੇ ਫਰਾਂਸ ਤੋਂ ਆਏ ਇਕ ਨੌਜਵਾਨ ‘ਤੇ ਆਧਾਰਿਤ ਤੀਜੇ ਬੈਚ ਨਾਲ ਆਪਣੀ ਸਰਕਾਰੀ ਰਿਹਾਇਸ਼ ‘ਚ ਚਾਹ ‘ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਹ ਨੌਜਵਾਨ ੧੦ ਦਿਨਾ ਦੌਰੇ ‘ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਜਾਣਗੇ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਪਿਛਲੇ ਦੋ ਸਾਲ ‘ਚ ਸੂਚਨਾ ਤਕਨੀਕ, ਉਦਯੋਗ ਤੇ ਖੇਤੀਬਾੜੀ ਦੇ ਖੇਤਰ ‘ਚ ਪੰਜਾਬ ਵਲੋਂ ਸਹੀ ਮਾਅਨਿਆਂ ‘ਚ ਕੀਤੇ ਵਿਕਾਸ ਤੇ ਤਰੱਕੀ ਦੀ ਜ਼ਮੀਨੀ ਹਕੀਕਤ ਖ਼ੁਦ ਅੱਖੀਂ ਦੇਖਣ ਤੇ ਵਾਪਸ ਆਪਣੇ ਘਰਾਂ ‘ਚ ਜਾਣ ਮੌਕੇ ਇਹ ਤਜਰਬਾ ਬਾਕੀਆਂ ਨਾਲ ਵੀ ਸਾਂਝਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਅਸਲ ਉਦੇਸ਼ ਉਨ੍ਹਾਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਵਿਰਾਸਤ ਬਾਰੇ ਅਨੰਦ ਮਾਨਣ ਦੇ ਯੋਗ ਬਣਾਉਣਾ ਹੈ। ਇਨ੍ਹਾਂ ਨੌਜਵਾਨਾਂ ਨੂੰ ਬੀਤੇ ਦਿਨ ਚੰਡੀਗੜ੍ਹ ਆਉਣ ‘ਤੇ ਕੈਪੀਟਲ ਕੰਪਲੈਕਸ, ਰੌਕ ਗਾਰਡਨ ਤੇ ਸੁਖਨਾ ਝੀਲ ‘ਤੇ ਲਿਜਾਇਆ ਗਿਆ। ਨੌਜਵਾਨਾਂ ਦਾ ਇਹ ਵਫ਼ਦ ਹੁਸ਼ਿਆਰਪੁਰ ‘ਚ ਆਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਸ਼ਾਮਿਲ ਹੋਵੇਗਾ। ਆਪਣੀ ਪੰਜਾਬ ਯਾਤਰਾ ਦੌਰਾਨ ਉਹ ਵਿਰਾਸਤ-ਏ-ਖਾਲਸਾ ਕੰਪਲੈਕਸ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੀ ਜਾਣਗੇ।
ਜ਼ਿਕਰਯੋਗ ਹੈ ਕਿ ਵਿਦੇਸ਼ਾਂ ‘ਚ ਵੱਸਦੇ ਨੌਜਵਾਨਾਂ ਨੂੰ ਆਪਣੀ ਜਨਮ ਭੂਮੀ ਜਾਂ ਆਪਣੇ ਪੁਰਖਿਆਂ ਦੇ ਪਿੰਡਾਂ ਦਾ ਦੌਰਾ ਕਰਵਾ ਕੇ ਜੜ੍ਹਾਂ ਨਾਲ ਜੋੜਨ ਦੇ ਮਕਸਦ ਤਹਿਤ ਮੰਚ ਮੁਹੱਈਆ ਕਰਵਾਉਣ ਲਈ ਇਹ ਪ੍ਰੋਗਰਾਮ ਕੈਪਟਨ ਅਮਰਿੰਦਰ ਸਿੰਘ ਵਲੋਂ ਸਤੰਬਰ ੨੦੧੭ ਵਿਚ ਸ਼ੁਰੂ ਕੀਤਾ ਗਿਆ ਸੀ।