ਮੈਂ ਅੱਜ ਵੀ ਅਕਾਲੀ ਦਲ ਦਾ ਮੈਂਬਰ ਹਾਂ : ਢੀਂਡਸਾ

0
1089

ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਵਿਚ ਬਗਾਵਤੀ ਸੁਰਾਂ ਅਖਤਿਆਰ ਕਰਨ ਤੋਂ ਬਾਅਦ ਸੰਗਰੂਰ ‘ਚ ਆਪਣੀ ਰਿਹਾਇਸ਼ ‘ਤੇ ਪੁੱਜੇ ਸੁਖਦੇਵ ਸਿੰੰਘ ਢੀਂਡਸਾ ਵੱਲੋਂ ਰੱਖੀ ਮੀਟਿੰਗ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ। ਜੋ ਆਉਣ ਵਾਲੇ ਦਿਨਾਂ ਵਿਚ ਜ਼ਿਲਾ ਸੰਗਰੂਰ ਅਤੇ ਬਰਨਾਲਾ ‘ਚ ਵੱਡੀ ਉਥਲ-ਪੁਥਲ ਹੋਣ ਦਾ ਸੰਕੇਤ ਦੇ ਰਹੀ ਸੀ।
ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੀ ਸਥਾਪਨਾ ਸਰਕਾਰ ਬਣਾਉਣ ਲਈ ਨਹੀਂ ਹੋਈ ਸੀ, ਬਲਕਿ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਹੋਈ ਸੀ। ਮਾਸਟਰ ਤਾਰਾ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੀਆਂ ਸ਼ਖਸੀਅਤਾਂ ਅਕਾਲੀ ਦਲ ਦੀਆਂ ਪ੍ਰਧਾਨ ਰਹੀਆਂ ਹਨ ਪਰ ਹੁਣ ਇਸਨੂੰ ਸੁਖਬੀਰ ਸਿੰਘ ਬਾਦਲ ਨੇ ਨਿੱਜੀ ਜਾਇਦਾਦ ਬਣਾ ਲਿਆ ਹੈ। ੭੦-੭੦ ਮੀਤ ਪ੍ਰਧਾਨ, ੨੫-੩੦ ਜਨਰਲ ਸਕੱਤਰ ਅਕਾਲੀ ਦਲ ਵੱਲੋਂ ਬਣਾਏ ਗਏ ਹਨ ਪਰ ਪਾਵਰ ਕਿਸੇ ਨੂੰ ਵੀ ਨਹੀਂ ਦਿੱਤੀ।
੨੦੧੭ ਦੀਆਂ ਵਿਧਾਨ ਸਭਾ ਦੀਆਂ ਚੋਣਾਂ ‘ਚ ਅਕਾਲੀ ਦਲ ਦੀ ਕਰਾਰੀ ਹਾਰ ਹੋਈ ਸੀ। ਹਾਰ ਤੋਂ ਬਾਅਦ ਮੇਰੇ ਵੱਲੋਂ ਸੁਖਬੀਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ। ਮੈਂ ਅਕਾਲੀ ਦਲ ‘ਚ ਰਹਿ ਕੇ ਹੀ ਲੜਾਈ ਲੜੀ ਹੈ। ਹੁਣ ਵੀ ਅਕਾਲੀ ਦਲ ‘ਚ ਰਹਿ ਕੇ ਹੀ ਲੜਾਈ ਲੜਾਂਗਾ। ਮੈਂ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ। ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਮੇਰੇ ਕੋਲ ਹੁਣ ਵੀ ਹੈ। ਪਾਰਟੀ ਵਿਚ ਲੋਕਤੰਤਰ ਦੀ ਲੋੜ ਹੈ।
ਅਕਾਲੀ ਦਲ ਤਬਾਹੀ ਦੀ ਰਾਹ ਵੱਲ ਤੁਰ ਪਿਆ ਹੈ। ਪਾਰਟੀ ‘ਚ ਮਨਮਰਜ਼ੀ ਚੱਲ ਰਹੀ ਹੈ।
ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ‘ਤੇ ਹੀ ਸੁਖਬੀਰ ਬਦਲ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਬਾਦਲ ਦਾ ਕਹਿਣਾ ਸੀ ਕਿ ਹੁਣ ਮੈਂ ਬਜ਼ੁਰਗ ਹੋ ਗਿਆ ਹਾਂ। ਪਾਰਟੀ ਦੀ ਵਾਗਡੋਰ ਕਿਸੇ ਨੌਜਵਾਨ ਨੂੰ ਦੇ ਦਿੱਤੀ ਜਾਵੇ। ਉਨ੍ਹਾਂ ਦੇ ਕਹਿਣ ‘ਤੇ ਹੀ ਮੈਂ ਸੁਖਬੀਰ ਦਾ ਨਾਂ ਪਾਰਟੀ ਪ੍ਰਧਾਨ ਲਈ ਪ੍ਰਪੋਜ਼ ਕੀਤਾ ਸੀ। ਪਰ ਹੁਣ ਅਕਾਲੀ ਦਲ ਪੁਰਾਣਾ ਅਕਾਲੀ ਦਲ ਨਹੀਂ ਰਿਹਾ। ਅਕਾਲੀ ਦਲ ਨੂੰ ਫਿਰ ਤੋਂ ਪੁਰਾਣਾ ਅਕਾਲੀ ਦਲ ਬਣਾਉਣਾ ਹੈ।