ਪੁਰਾਣੇ ਪਾਸਪੋਰਟ ਨਾ ਦਿਖਾਉਣ ‘ਤੇ 16 ਭਾਰਤੀ-ਅਮਰੀਕੀ ਹਵਾਈ ਅੱਡੇ ‘ਤੇ ਖੱਜਲ ਹੋਏ

0
1456

ਵਾਸ਼ਿੰਗਟਨ: ਅਮਰੀਕਾ ਤੋਂ ਦਿੱਲੀ ਲਈ ਆ ਰਹੇ ੧੬ ਭਾਰਤੀ-ਅਮਰੀਕੀਆਂ ਨੂੰ ਜੌਹਨ ਐੱਫ ਕੈਨੇਡੀ ਹਵਾਈ ਅੱਡੇ ‘ਤੇ ਐਤਵਾਰ ਨੂੰ ਉਸ ਸਮੇਂ ਖੱਜਲ ਹੋਣਾ ਪਿਆ ਜਦੋਂ ਪੁਰਾਣੇ ਰੱਦ ਕੀਤੇ ਪਾਸਪੋਰਟ ਨਾ ਦਿਖਾਉਣ ‘ਤੇ ਉਨ੍ਹਾਂ ਨੂੰ ਏਅਰ ਇੰਡੀਆ ਦੀ ਉਡਾਣ ‘ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ।
ਇਨ੍ਹਾਂ ਵਿਅਕਤੀਆਂ ਕੋਲ ਜਾਇਜ਼ ਓਵਰਸੀਜ਼ ਸਿਟੀਜ਼ਨਸ ਆਫ਼ ਇੰਡੀਆ (ਓਸੀਆਈ) ਕਾਰਡ ਸਨ ਪਰ ਨਵੇਂ ਆਰਜ਼ੀ ਨਿਯਮਾਂ ਮੁਤਾਬਕ ਇਨ੍ਹਾਂ ਕੋਲ ਪੁਰਾਣੇ ਰੱਦ ਕੀਤੇ ਗਏ ਪਾਸਪੋਰਟ ਵੀ ਹੋਣੇ ਲਾਜ਼ਮੀ ਸਨ ਜਿਨ੍ਹਾਂ ਦਾ ਨੰਬਰ ਓਸੀਆਈ ਕਾਰਡ ‘ਤੇ ਲਿਖਿਆ ਹੋਇਆ ਹੈ।
ਮੁਸਾਫ਼ਰ ਇਨ੍ਹਾਂ ਨੇਮਾਂ ਤੋਂ ਜਾਣੂ ਨਹੀਂ ਸਨ। ਇਨ੍ਹਾਂ ਮੁਸਾਫ਼ਰਾਂ ‘ਚ ਮੈਕਿਨਜ਼ੀ ਗਲੋਬਲ ਬੈਂਕਿੰਗ ਐਂਡ ਸਕਿਉਰਿਟੀ ਦੇ ਸਹਿ-ਮੁਖੀ ਸੋਮੇਸ਼ ਖੰਨਾ ਵੀ ਸ਼ਾਮਲ ਸਨ ਜੋ ਆਪਣੇ ਪਰਿਵਾਰ ਨਾਲ ਭਾਰਤ ਜਾ ਰਹੇ ਸਨ। ਅੱਧੇ ਘੰਟੇ ਦੇ ਅੰਦਰ ਹੀ ਮੁਸਾਫ਼ਰਾਂ ਨੇ ਏਅਰ ਇੰਡੀਆ ਦੇ ਮੁਲਾਜ਼ਮ ਐੱਮ ਥਿਵਾਲਾਪੱਲੀ ਰਾਹੀਂ ਸਮਾਜ ਸੇਵਕ ਪ੍ਰੇਮ ਭੰਡਾਰੀ ਨਾਲ ਸੰਪਰਕ ਕੀਤਾ।
ਭਾਰਤੀ ਸਫ਼ੀਰ ਹਰਸ਼ ਵਰਧਨ ਸ਼੍ਰਿੰਗਲਾ, ਨਿਊਯਾਰਕ ਦੇ ਕੌਂਸੁਲ ਜਨਰਲ ਸੰਦੀਪ ਚੱਕਰਵਰਤੀ ਅਤੇ ਏਅਰ ਇੰਡੀਆ (ਨੌਰਥ ਅਮਰੀਕਾ) ਦੇ ਮੁਖੀ ਕਮਲ ਰਾਊਲ ਉਨ੍ਹਾਂ ਦੀ ਸਹਾਇਤਾ ਲਈ ਬਹੁੜੇ। ਸ੍ਰੀ ਚੱਕਰਵਰਤੀ ਨੇ ਜਦੋਂ ਏਅਰ ਇੰਡੀਆ ਨੂੰ ਈ-ਮੇਲ ਭੇਜਿਆ ਤਾਂ ਸਾਰੇ ਮੁਸਾਫ਼ਰ ਜਹਾਜ਼ ਦੇ ਉੱਡਣ ਤੋਂ ਕੁਝ ਮਿੰਟ ਪਹਿਲਾਂ ਹੀ ਉਸ ‘ਚ ਚੜ੍ਹ ਸਕੇ।
ਸ੍ਰੀ ਭੰਡਾਰੀ ਨੇ ਕਿਹਾ ਕਿ ਓਸੀਆਈ ਕਾਰਡ ਨੇਮਾਂ ‘ਚ ਦਿੱਤੀ ਗਈ ਰਾਹਤ ਦੇ ਬਾਵਜੂਦ ਭਾਰਤੀ-ਅਮਰੀਕੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁਤਾਬਕ ਹੁਣ ਛੁੱਟੀਆਂ ਦਾ ਮੌਸਮ ਹੋਣ ਕਰਕੇ ਲੋਕਾਂ ਨੂੰ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।