ਸਰੀ ਦੇ ਵਿਦਿਆਰਥੀਆਂ ਲਈ ਹੋਰ ਕਲਾਸਰੂਮ, ਵਧੇਰੇ ਸੁਰੱਖਿਅਤ ਸੀਟਾਂ ਬਣ ਰਹੀਆਂ ਹਨ

0
1321

ਸਰੀ- ਕੇ ਬੀ ਵੁਡਵਰਡ ਐਲੀਮੈਂਟਰੀ ਵਿੱਚ ੨੪੦ ਸੀਟਾਂ ਦਾ ਵਾਧਾ ਅਤੇ ਪ੍ਰਿੰਸ ਚਾਰਲਸ ਐਲੀਮੈਂਟਰੀ ਅਤੇ ਕੁਈਨ ਐਲਿਜ਼ਾਬੈੱਥ ਸੈਕੰਡਰੀ ਵਿੱਚ ਭੁਚਾਲ ਤੋਂ ਬਚਾਉ ਲਈ ਸੁਧਾਰ (ਸeਸਿਮਚਿ ੁਪਗਰaਦeਸ) ਕਰਨ ਨਾਲ ਸਰੀ ਵਿੱਚ ਵਿਦਿਆਰਥੀਆਂ ਲਈ ਪੜ੍ਹਾਈ ਦਾ ਇੱਕ ਬਿਹਤਰ ਅਨੁਭਵ ਪੈਦਾ ਹੋਵੇਗਾ।
“ਭਾਵੇਂ ਉਹ ਜਿੱਥੇ ਮਰਜ਼ੀ ਰਹਿੰਦੇ ਹੋਣ, ਬੀ ਸੀ ਦੇ ਵਿਦਿਆਰਥੀ ਜਿੰਨਾ ਸੰਭਵ ਹੋ ਸਕੇ, ਸਭ ਤੋਂ ਵਧੀਆ ਸਿੱਖਿਆ ਅਨੁਭਵ ਦੇ ਪਾਤਰ ਹਨ, ਅਤੇ ਇਸ ਤੋਂ ਭਾਵ ਹੈ ਸੁਰੱਖਿਅਤ, ਦਿਲਚਸਪ ਅਤੇ ਉਤਸ਼ਾਹਜਨਕ ਕਲਾਸਰੂਮਾਂ ਵਿੱਚ ਪੜ੍ਹਾਈ,” ਰੌਬ ਫ਼ਲੈਮਿੰਗ, ਸਿੱਖਿਆ ਮੰਤਰੀ ਨੇ ਕਿਹਾ, “ਸਰੀ ਵਿੱਚ ਵਿਦਿਆਰਥੀਆਂ ਲਈ ਸਕੂਲਾਂ ਵਿੱਚ ਸੁਧਾਰ ਕਰਨ ਪ੍ਰਤੀ ਅਸੀਂ ਆਪਣੀ ਪ੍ਰਗਤੀ ਜਾਰੀ ਰੱਖ ਰਹੇ ਹਾਂ, ਅਤੇ ਇਹ ਪ੍ਰੋਜੈਕਟ ਸਾਡੇ ਕੰਮ ਅਤੇ ਭਾਈਚਾਰੇ ਵਿਚਲੇ ਪਰਿਵਾਰਾਂ ਪ੍ਰਤੀ ਸਾਡੀ ਪ੍ਰਗਤੀ ਦੀ ਇੱਕ ਸ਼ਾਨਦਾਰ ਉਦਾਹਰਣ ਹਨ।”
ਬੀ ਸੀ ਦੀ ਸਰਕਾਰ ਇਨ੍ਹਾਂ ਤਿੰਨ ਪ੍ਰੋਜੈਕਟਾਂ ਲਈ ੩੯.੮ ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ, ਜਿਸ ਨਾਲ ਕੇ ਬੀ ਵੁਡਵਰਡ ਐਲੀਮੈਂਟਰੀ ਵਿੱਚ ਅੱਠ ਕਲਾਸਰੂਮਾਂ ਦਾ ਵਾਧਾ ਅਤੇ ਦੋ ਕਲਾਸਰੂਮਾਂ ਦੀ ਮੁਰੰਮਤ ਹੋਣ ਦੇ ਨਾਲ ਨਾਲ ਪ੍ਰਿੰਸ ਚਾਰਲਸ ਐਲੀਮੈਂਟਰੀ ਅਤੇ ਕੁਈਨ ਐਲਿਜ਼ਾਬੈੱਥ ਸੈਕੰਡਰੀ ਦੋਹਾਂ ਵਿੱਚ ਭੁਚਾਲ ਤੋਂ ਬਚਾਉ ਲਈ ਸੁਧਾਰ ਹੋ ਸਕੇਗਾ ਅਤੇ ੨,੦੪੦ ਸੁਰੱਖਿਅਤ ਸੀਟਾਂ ਬਣ ਸਕਣਗੀਆਂ। ਕੇ ਬੀ ਵੁਡਵਰਡ ਐਲੀਮੈਂਟਰੀ ਦਾ ਵਿਸਤਾਰ ਵਿਦਿਆਰਥੀਆਂ ਲਈ ਜਨਵਰੀ ੨੦੨੩ ਵਿੱਚ ਤਿਆਰ ਹੋ ਜਾਣ ਦੀ ਆਸ ਹੈ, ਜਦ ਕਿ ਭੁਚਾਲ ਤੋਂ ਬਚਾਉ ਲਈ ਸੁਧਾਰ ਕਰਨ ਵਾਲੇ ਪ੍ਰੋਜੈਕਟਾਂ ਦੇ ੨੦੨੨ ਵਿੱਚ ਮੁਕੰਮਲ ਹੋ ਜਾਣ ਦਾ ਸਮਾਂ ਤੈਅ ਕੀਤਾ ਗਿਆ ਹੈ।
“ਸਾਡੇ ਭਾਈਚਾਰੇ ਵਿਚਲੇ ਸਕੂਲ ਸਾਡੇ ਆਂਢ-ਗੁਆਂਢ ਦਾ ਇੱਕ ਬੇਹੱਦ ਜ਼ਰੂਰੀ ਹਿੱਸਾ ਹੁੰਦੇ ਹਨ, ਅਤੇ ਸਾਨੂੰ ਉਨ੍ਹਾਂ ਵਿੱਚ ਨਿਵੇਸ਼ ਕਰਨ ਦੀ ਲੋੜ ਹੈ ਤਾਂ ਕਿ ਉਹ ਭਵਿੱਖ ਵਿੱਚ ਸਾਡੇ ਵਿਦਿਆਰਥੀਆਂ ਅਤੇ ਪਰਿਵਾਰਾਂ ਨੂੰ ਲਾਭ ਪੁਚਾਉਂਦੇ ਰਹਿਣ,” ਬਰੂਸ ਰਾਲਸਟਨ, ਸਰੀ-ਵਾਲ੍ਹੀ ਲਈ ਐੱਮ ਐੱਲ ਏ ਨੇ ਕਿਹਾ, “ਜੋ ਨਿਵੇਸ਼ ਅਸੀਂ ਕੇ ਬੀ ਵੁਡਵਰਡ ਅਤੇ ਪ੍ਰਿੰਸ ਚਾਰਲਸ ਐਲੀਮੈਂਟਰੀ ਸਕੂਲਾਂ ਵਿੱਚ ਕਰ ਰਹੇ ਹਾਂ, ਦਾ ਅਰਥ ਹੈ ਕਿ ਸਰੀ ਦੇ ਹੋਰ ਵੀ ਵਧੇਰੇ ਵਿਦਿਆਰਥੀ ਛੇਤੀ ਹੀ ਸੁਰੱਖਿਅਤ, ਸਕਾਰਾਤਮਕ ਵਾਤਾਵਰਣ ਵਿੱਚ ਪੜ੍ਹਾਈ ਕਰਨ ਦਾ ਲਾਭ ਪ੍ਰਾਪਤ ਕਰ ਸਕਣਗੇ।”
ਰਚਨਾ ਸਿੰਘ, ਸਰੀ-ਗਰੀਨ ਟਿੰਬਰਜ਼ ਲਈ ਐੱਮ ਐੱਲ ਏ ਨੇ ਕਿਹਾ, “ਕੁਈਨ ਐਲਿਜ਼ਾਬੈੱਥ ਸੈਕੰਡਰੀ ਸਾਡੇ ਭਾਈਚਾਰੇ ਵਿੱਚ ਵਿਦਿਆਰਥੀਆਂ ਅਤੇ ਪਰਿਵਾਰਾਂ ਲਈ ਬਹੁਤ ਮਹੱਤਵਪੂਰਣ ਹੈ, ਅਤੇ ਸਾਨੂੰ ਇਸ ਦੀ ਸਾਂਭ-ਸੰਭਾਲ ਕਰਦੇ ਰਹਿਣ ਦੀ ਲੋੜ ਹੈ, ਤਾਂ ਕਿ ਆਉਣ ਵਾਲੇ ਦਹਾਕਿਆਂ ਤੱਕ ਇਹ ਸਾਡੇ ਨੌਜੁਆਨਾਂ ਲਈ ਸਿੱਖਿਆ ਦਾ ਅਸਥਾਨ ਬਣਿਆ ਰਹਿ ਸਕੇ। ਇਹ ਸਰੀ ਦੇ ਭਵਿੱਖ ਲਈ ਇੱਕ ਅਹਿਮ ਨਿਵੇਸ਼ ਹੈ, ਅਤੇ ਮੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਈ ਹੈ ਕਿ ਮਾਪਿਆਂ ਨੂੰ ਛੇਤੀ ਹੀ ਇਹ ਜਾਣ ਕੇ ਦਿਲਾਸਾ ਮਿਲ ਸਕੇਗਾ ਕਿ ਜੇਕਰ ਭੁਚਾਲ ਆ ਜਾਵੇ, ਤਾਂ ਸਕੂਲ ਵਿੱਚ ਉਨ੍ਹਾਂ ਦੇ ਬੱਚੇ ਸੁਰੱਖਿਅਤ ਰਹਿਣਗੇ।”
ਸਤੰਬਰ ੨੦੧੭ ਤੋਂ ਲੈ ਕੇ, ਸੂਬਾ ਸਰਕਾਰ ਨੇ ਸਰੀ ਸਕੂਲ ਡਿਸਟ੍ਰਿਕਟ ਵਿੱਚ ੨੫ ਪੂੰਜੀਗਤ ਸਕੂਲ ਪ੍ਰੋਜੈਕਟਾਂ ਲਈ ੪੦੩ ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ, ਜਿਸ ਵਿੱਚ ਛੇ ਸਕੂਲਾਂ ਵਿੱਚ ਭੁਚਾਲ ਤੋਂ ਬਚਾਉ ਲਈ ਸੁਧਾਰ, ੧੪ ਨਵੇਂ ਜਾਂ ਵਿਸਤਾਰਤ ਸਕੂਲ ਅਤੇ ਭਵਿੱਖ ਵਿੱਚ ਚਾਰ ਸਕੂਲਾਂ ਲਈ ਜ਼ਮੀਨ ਖ਼੍ਰੀਦਣਾ ਸ਼ਾਮਲ ਹੈ। ਇਨ੍ਹਾਂ ਨਿਵੇਸ਼ਾਂ ਨਾਲ ਭਾਈਚਾਰੇ ਨੂੰ ੪,੧੨੦ ਭੁਚਾਲ ਦੇ ਲਿਹਾਜ਼ ਨਾਲ ਵਧੇਰੇ ਸੁਰੱਖਿਅਤ ਸੀਟਾਂ ਮਿਲ ਰਹੀਆਂ ਹਨ ਅਤੇ ਸਰੀ ਵਿੱਚ ੨੦੧੮ ਅਤੇ ੨੦੨੩ ਦੇ ਦਰਮਿਆਨ ਲਗਭਗ ੮,੯੦੦ ਨਵੀਆਂ ਵਿਦਿਆਰਥੀ ਸੀਟਾਂ ਉਤਪੰਨ ਕਰਨ ਵਿੱਚ ਮਦਦ ਮਿਲ ਰਹੀ ਹੈ।
“ਇਹ ਐਲਾਨ ਸਾਡੇ ਵਿਦਿਆਰਥੀਆਂ, ਸਟਾਫ਼ ਅਤੇ ਵਡੇਰੇ ਸਕੂਲ ਭਾਈਚਾਰੇ ਲਈ ਇੱਕ ਸੁਆਗਤਯੋਗ ਖ਼ਬਰ ਹੈ,” ਲੌਰੀ ਲਾਰਸਨ, ਮੁਖੀ, ਸਰੀ ਬੋਰਡ ਔਫ਼ ਐਜੂਕੇਸ਼ਨ ਨੇ ਕਿਹਾ, “ਕੇ ਬੀ ਵੁਡਵਰਡ ਐਲੀਮੈਂਟਰੀ ਵਿੱਚ ਕਲਾਸਰੂਮਾਂ ਦਾ ਵਾਧਾ ਅਤੇ ਪ੍ਰਿੰਸ ਚਾਰਲਸ ਐਲੀਮੈਂਟਰੀ ਅਤੇ ਕੁਈਨ ਐਲਿਜ਼ਾਬੈੱਥ ਸੈਕੰਡਰੀ ਵਿੱਚ ਭੁਚਾਲ ਤੋਂ ਬਚਾਉ ਲਈ ਸੁਧਾਰ ਹੋਣ ਨਾਲ ਸਾਡਾ ਡਿਸਟ੍ਰਿਕਟ ਸਾਡੇ ਵਧ ਰਹੇ ਭਾਈਚਾਰੇ ਦੀਆਂ ਲੋੜਾਂ ਇੱਕ ਸੁਰੱਖਿਅਤ ਅਤੇ ਚਿਰਸਥਾਈ ਢੰਗ ਨਾਲ ਪੂਰੀਆਂ ਕਰਨਾ ਜਾਰੀ ਰੱਖ ਸਕੇਗਾ।”
ਪਿਛਲੇ ਤਿੰਨ ਸਾਲਾਂ ਦੌਰਾਨ, ਸਰਕਾਰ ਨੇ ੧੦੧ ਪੂੰਜੀਗਤ ਸਕੂਲ ਪ੍ਰੋਜੈਕਟਾਂ ਲਈ ੨.੧ ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ ਦਾ ਐਲਾਨ ਕੀਤਾ ਹੈ, ਜਿਸ ਨਾਲ ਪੂਰੇ ਬੀ ਸੀ ਵਿੱਚ, ਨਵੇਂ ਅਤੇ ਸੁਧਾਰੇ ਗਏ ਸਕੂਲਾਂ ਵਿੱਚ ਲਗਭਗ ੨੯,੦੦੦ ਭੁਚਾਲ ਦੇ ਲਿਹਾਜ਼ ਨਾਲ ਵਧੇਰੇ ਸੁਰੱਖਿਅਤ ਵਿਦਿਆਰਥੀ ਸੀਟਾਂ ਅਤੇ ੧੩,੦੦੦ ਨਵੀਆਂ ਵਿਦਿਆਰਥੀ ਸੀਟਾਂ ਉਤਪੰਨ ਹੋਈਆਂ ਹਨ।
ਇਸ ਰਫ਼ਤਾਰ ਨੂੰ ਜਾਰੀ ਰੱਖਣ ਲਈ, ਬਜਟ ੨੦੨੦ ਵਿੱਚ ਭੁਚਾਲ ਤੋਂ ਬਚਾਉ ਲਈ ਸੁਧਾਰ ਅਤੇ ਬਦਲਾਵਾਂ, ਨਵੇਂ ਅਤੇ ਵਿਸਤਾਰਤ ਸਕੂਲਾਂ, ਅਤੇ ਭਵਿੱਖ ਦੇ ਸਕੂਲਾਂ ਲਈ ਜ਼ਮੀਨ ਖ਼੍ਰੀਦਣ ਵਾਸਤੇ ੨.੮ ਬਿਲੀਅਨ ਡਾਲਰ ਸ਼ਾਮਲ ਕੀਤੇ ਗਏ ਹਨ, ਜੋ ਕਿ ਇੱਕ ਰਿਕਾਰਡ ਹੈ।