ਰੱਬ ਦੇਸ਼ ਦੀ ਰਾਖੀ ਕਰੇ : ਚਿਦੰਬਰਮ

0
999

ਆਈਐਨਐਕਸ ਮੀਡੀਆ ਮਾਮਲੇ ਵਿਚ ਗ੍ਰਿਫ਼ਤਾਰ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਆਗੂ ਪੀ ਚਿਦੰਬਰਮ ਸੋਮਵਾਰ ਨੂੰ 74 ਸਾਲ ਦੇ ਹੋ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਖ਼ੁਦ ਨੂੰ ਨੌਜਵਾਨ ਜਿਹਾ ਮਹਿਸੂਸ ਕਰਦੇ ਹਨ। ਨਾਲ ਹੀ ਉਨ੍ਹਾਂ ਅਰਥਚਾਰੇ ਦੀ ਹਾਲਤ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਰੱਬ ਇਸ ਦੇਸ਼ ਦੀ ਰਾਖੀ ਕਰੇ।
ਤਿਹਾੜ ਜੇਲ ਵਿਚ ਬੰਦ ਚਿਦੰਬਰਮ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਪੁੱਤਰ ਕਾਰਤੀ ਨੇ ਉਨ੍ਹਾਂ ਜਜ਼ਬਾਤੀ ਢੰਗ ਨਾਲ ਯਾਦ ਕੀਤਾ ਅਤੇ ਜੈਰਾਮ ਰਮੇਸ਼ ਸਮੇਤ ਕਈ ਕਾਂਗਰਸ ਆਗੂਆਂ ਨੇ ਚਿਦੰਬਰਮ ਨੂੰ ਜਨਮ ਦਿਨ ਦੀ ਵਧਾਈ ਦਿਤੀ। ਜਨਮ ਦਿਨ ਮੌਕੇ ਚਿਦੰਬਰਮ ਦੇ ਪਰਵਾਰ ਨੇ ਉਨ੍ਹਾਂ ਦੇ ਟਵਿਟਰ ਹੈਂਡਲ ‘ਤੇ ਇਹ ਟਿਪਣੀਆਂ ਪਾਈਆਂ ਹਨ। ਚਿਦੰਬਰਮ ਨੇ ਕਿਹਾ, ‘ਮੇਰੇ ਪਰਵਾਰ ਨੇ ਮੇਰੇ ਮਿੱਤਰਾਂ, ਪਾਰਟੀ ਸਾਥੀਆਂ ਅਤੇ ਸ਼ੁਭਚਿੰਤਕਾਂ ਦੀ ਤਰਫ਼ੋਂ ਮੇਰੇ ਤਕ ਸ਼ੁਭਕਾਮਨਾਵਾਂ ਪਹੁੰਚਾਈਆਂ ਹਨ। ਮੈਨੂੰ ਯਾਦ ਦਿਵਾਇਆ ਗਿਆ ਕਿ ਮੈਂ 74 ਸਾਲ ਦਾ ਹੋ ਚੁੱਕਾ ਹਾਂ। ਮੈਂ 74 ਦਾ ਹਾਂ ਪਰ ਦਿਲ ਤੋਂ ਮੈਂ ਖ਼ੁਦ ਨੂੰ 74 ਸਾਲ ਦਾ ਨੌਜਵਾਨ ਮਹਿਸੂਸ ਕਰਦਾ ਹਾਂ। ਮੇਰਾ ਹੌਸਲਾ ਵਧਾਉਣ ਲਈ ਸਾਰਿਆਂ ਦਾ ਧਨਵਾਦ।’
ਸਾਬਕਾ ਵਿੱਤ ਮੰਤਰੀ ਨੇ ਕਿਹਾ, ‘ਮੈਂ ਦੇਸ਼ ਦੇ ਅਰਥਚਾਰੇ ਬਾਰੇ ਸੋਚ ਰਿਹਾ ਹਾਂ। ਸਿਰਫ਼ ਇਕ ਅੰਕੜਾ ਪੂਰੀ ਕਹਾਣੀ ਬਿਆਨ ਕਰਦਾ ਹੈ। ਅਗੱਸਤ ਮਹੀਨੇ ਵਿਚ ਨਿਰਯਾਤ ਵਾਧੇ ਵਿਚ 6.05 ਫ਼ੀ ਸਦੀ ਦੀ ਗਿਰਾਵਟ ਰਹੀ। ਨਿਰਯਾਤ ਵਿਚ 20 ਫ਼ੀ ਸਦੀ ਦੇ ਵਾਧੇ ਬਿਨਾਂ ਕੋਈ ਦੇਸ਼ ਅੱਠ ਫ਼ੀ ਸਦੀ ਦੀ ਜੀਡੀਪੀ ਵਾਧਾ ਦਰ ਤਕ ਨਹੀਂ ਪਹੁੰਚ ਸਕਦਾ।’ ਉਨ੍ਹਾਂ ਕਿਹਾ, ‘ਰੱਬ ਇਸ ਦੇਸ਼ ਦੀ ਰਾਖੀ ਕਰੇ।’