ਸਰੀ ਦੇ ਮੁੱਕੇਬਾਜ਼ ਬਸਰਾ ਨੇ ਜਿੱਤਿਆ ਕੈਨੇਡੀਅਨ ਮੁੱਕੇਬਾਜ਼ੀ ਮੁਕਾਬਲਾ

0
998

ਐਬਟਸਫੋਰਡ: ਮਾਂਟਰੀਅਲ ਵਿਖੇ ਹੋਏ ਕੈਨੇਡੀਅਨ ਮੁੱਕੇਬਾਜ਼ੀ ੨੦੧੯ ਦੇ ਮੁਕਾਬਲਿਆਂ ਵਿਚ ਸਰੀ ਨਿਵਾਸੀ ਮੁੱਕੇਬਾਜ਼ ਐਰਿਕ ਬਸਰਾ ਨੇ ੫੭ ਕਿੱਲੋ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਕੈਨੇਡਾ ਭਰ ਤੋਂ ਮੁੱਕੇਬਾਜ਼ ਪਹੁੰਚੇ ਹੋਏ ਸਨ। ਫਾਈਨਲ ਵਿਚ ਐਰਿਕ ਬਸਰਾ ਨੇ ਕਿਊਬਕ ਦੇ ਮੁੱਕੇਬਾਜ਼ ਜੀਨ ਗਾਰਡੀ ਫਰਾਂਸਿਸ ਤੇ ਉਂਟਾਰੀਓ ਦੇ ਲੀਓ ਕਾਮਰਾ ਨੂੰ ਹਰਾਇਆ । ਕੈਨੇਡੀਅਨ ਮੁਕਾਬਲਾ ਜਿੱਤਣ ਤੋਂ ਬਾਅਦ ਹੁਣ ਐਰਿਕ ਬਸਰਾ ਅਰਜਨਟਾਈਨਾ ਦੇ ਸ਼ਹਿਰ ਬੁਇਨਸ ਏਅਰਜ਼ ਵਿਖੇ ਅਗਲੇ ਸਾਲ ੨੬ ਮਾਰਚ ਤੋਂ ੩ ਅਪ੍ਰੈਲ ਤੱਕ ਹੋ ਰਹੇ ਅਮਰੀਕਨ ਉਲੰਪਿਕ ਕੁਆਲੀਫਿਕੇਸ਼ਨ ਮੁਕਾਬਲਿਆਂ ਵਿਚ ਭਾਗ ਲਵੇਗਾ, ਫਿਰ ੧੩ ਤੋਂ ੨੪ ਮਈ, ੨੦੨੦ ਤੱਕ ਵਰਲਡ ਉਲੰਪਿਕ ਕੁਆਲੀਫਿਕੇਸ਼ਨ ਵਾਸਤੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਹੋ ਰਹੇ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਹਿੱਸਾ ਲਵੇਗਾ।
ਐਰਿਕ ਬਸਰਾ ੨੦੧੮ ਦੀਆਂ ਆਸਟ੍ਰੇਲੀਆ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤ ਚੁੱਕਾ ਹੈ । ਕੈਨੇਡਾ ਦੇ ਕੌਮੀ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਉਹ ਹੁਣ ਤੱਕ ਸੋਨੇ ਦੇ ੪ ਤੇ ਚਾਂਦੀ ਦੇ ੨ ਤਗਮੇ ਜਿੱਤ ਚੁੱਕਾ
ਹੈ।