ਟਾਈਟਲਰ ਵਿਰੁਧ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ‘ਦਿਲਚਸਪ ਮੋੜ’ ਆਵੇਗਾ : ਪੀੜਤਾਂ ਦੇ ਵਕੀਲ

0
2328

ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੀੜਤਾਂ ਦੀ ਪੈਰਵੀਂ ਕਰਨ ਵਾਲੇ ਵਕੀਲਾਂ ਨੂੰ ਜਗਦੀਸ਼ ਟਾਈਟਲਰ ਵਿਰੁਧ ਮਾਮਲੇ ਵਿਚ ‘ਦਿਲਚਸਪ ਮੋੜ’ ਆਉਣ ਦੀ ਉਮੀਦ ਹੈ ਜਿਨ੍ਹਾਂ ਨੂੰ ਸੀਬੀਆਈ ਕਲੀਨਚਿਟ ਦੇ ਚੁਕੀ ਹੈ। ਇਨ੍ਹਾਂ ਵਕੀਲਾਂ ਦਾ ਕਹਿਣਾ ਹੈ ਕਿ ਟਾਈਟਲਰ ਵਿਰੁਧ ਇਨਸਾਫ਼ ਦਾ ਪਹੀਆ ਘੁੰਮਣ ਲੱਗਿਆ ਹੈ ਅਤੇ ਵਿਵਾਦਤ ਕਾਰੋਬਾਰੀ ਅਭਿਸ਼ੇਕ ਵਰਮਾ ‘ਤੇ ਝੂਠ ਫੜਨ ਵਾਲੀ ਜਾਂਚ ਦੀ ਰੀਪੋਰਟ ਦਾ ਇੰਤਜ਼ਾਰ ਕਰ ਰਹੇ ਹਨ।

ਵਰਮਾ ਗਵਾਹ ਦੇ ਤੌਰ ‘ਤੇ ਟਾਈਟਲਰ ਵਿਰੁਧ ਮਾਮਲੇ ਦਾ ਸਮਰਥਨ ਕਰਨਾ ਚਾਹੁੰਦੇ ਹਨ। ਟਾਈਟਲਰ ਵਿਰੁਧ ਮਾਮਲੇ ਵਿਚ ਸਿੱਖ ਕਤਲੇਆਮ ਪੀੜਤਾਂ ਦੀ ਪੈਰਵੀਂ ਕਰਨ ਵਾਲੇ ਐਚ.ਐਸ. ਫੂਲਕਾ ਅਤੇ ਵਕੀਲ ਕਾਮਨਾ ਵੋਹਰਾ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਹਾਈ ਕੋਰਟ ਨੇ ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਹੈ, ਉਮੀਦ ਹੈ ਕਿ ਉਨ੍ਹਾਂ ਨੂੰ ਵੀ ਇਨਸਾਫ਼ ਮਿਲੇਗਾ। ਫੂਲਕਾ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੂਜੇ ਮਾਮਲੇ ਵਿਚ ਸੱਜਣ ਕੁਮਾਰ ਦੀ ਸਜ਼ਾ ਤੋਂ ਬਾਅਦ ਉਨ੍ਹਾਂ ਦੀਆਂ ਉਮੀਦਾਂ ਹੋਰ ਵੱਧ ਗਈਆਂ ਹਨ।
ਉਨ੍ਹਾਂ ਕਿਹਾ,”ਇਹ ਸਾਡੇ ਲਈ ਇਕ ਜ਼ਬਰਦਸਤ ਉਪਲਬੱਧੀ ਹੈ। ਇਸ ਫ਼ੈਸਲੇ ਨੇ ਦੂਜੇ ਲੋਕਾਂ ਵਿਰੁਧ ਸਾਡੇ ਮਾਮਲੇ ਨੂੰ ਜ਼ਿਆਦਾ ਮਜ਼ਬੂਤ ਬਣਾ ਦਿਤਾ ਹੈ।”ਵਕੀਲ ਕਾਮਨਾ ਵੋਹਰਾ ਨੇ ਭਾਸ਼ਾ ਨੂੰ ਕਿਹਾ,”ਹੁਣ (ਟਾਈਟਲਰ ਦੇ) ਮਾਮਲੇ ਵਿਚ ਥੋੜ੍ਹਾ ਦਿਲਚਸਪ ਮੌੜ ਆ ਸਕਦਾ ਹੈ।” ਕਾਂਗਰਸ ਨੇਤਾ ਟਾਈਟਲਰ ਨੇ ਸਿੱਖ ਕਤਲੇਆਮ ਵਿਚ ਅਪਣੀ ਭੂਮਿਕਾ ਤੋਂ ਹਮੇਸ਼ਾ ਇਨਕਾਰ ਕੀਤਾ ਹੈ। ਸੀਬੀਆਈ ਉਨ੍ਹਾਂ ਨੂੰ ਤਿੰਨ ਵਾਰ ਕਲੀਨਚਿਟ ਦੇ ਚੁਕੀ ਹੈ ਪ੍ਰੰਤੂ ਅਦਾਲਤ ਨੇ ਮਾਮਲਾ ਬੰਦ ਕਰਨ ਦੀ ਰੀਪੋਰਟ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ ਸੀ ਅਤੇ ਏਜੰਸੀ ਨੂੰ ਅੱਗੇ ਮਾਮਲੇ ਦੀ ਜਾਂਚ ਕਰਨ ਅਤੇ ਸਥਿਤੀ ਰੀਪੋਰਟ ਸੌਂਪਣ ਦਾ ਨਿਰਦੇਸ਼ ਦਿਤਾ ਸੀ।

ਵਰਮਾ ਦਾ ਲਾਈ ਡਿਟੇਕਟਰ ਟੈਸਟ ਹੋ ਚੁਕਿਆ ਹੈ ਅਤੇ ਕਾਂਗਰਸ ਨੇਤਾ ਨੇ ਇਸ ਤੋਂ ਇਨਕਾਰ ਕਰ ਦਿਤਾ ਸੀ। ਵਰਮਾ ਨੇ ਦਾਅਵਾ ਕੀਤਾ ਸੀ ਕਿ ਟਾਈਟਲਰ ਨੇ ਪੁਲਬੰਗਸ਼ ਮਾਮਲੇ ਨਾਲ ਜੁੜੇ ਘਟਨਾਕ੍ਰਮ ਦੇ ਬਾਰੇ ਵਿਚ ਉਸ ਨੂੰ ਦਸਿਆ ਸੀ। ਫ਼ਿਲਹਾਲ ਟਾਈਟਲਰ ਦੇ ਵਕੀਲ ਅਰੁਣਾਭ ਚੌਧਰੀ ਨੇ ਕਿਹਾ ਕਿ ਕਾਂਗਰਸ ਨੇਤਾ ਵਿਰੁਧ ਕੋਈ ਮਾਮਲਾ ਨਹੀਂ ਹੈ ਅਤੇ ਸੀਬੀਆਈ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਤਿੰਨ ਵਾਰ ਕਲੋਜਰ ਰੀਪੋਰਟ ਦੇ ਚੁਕੀ ਹੈ।