ਵਿਕਟੋਰੀਆ – ਸੂਬੇ ਨੇ ਮਿਊਂਨਿਸੀਪੈਲਿਟੀਆਂ ਦੇ ਚੌਥੇ ਗਰੁੱਪ ਲਈ ਨਵੇਂ ਰਿਹਾਇਸ਼ੀ ਟੀਚੇ ਨਿਰਧਾਰਤ ਕੀਤੇ ਹਨ, ਜਿਸ ਨਾਲ ਬੀ.ਸੀ. ਭਰ ਵਿੱਚ ਭਾਈਚਾਰਿਆਂ ਲਈ ਹਜ਼ਾਰਾਂ ਨਵੇਂ ਘਰ ਉਪਲਬਧ ਹੋਏ ਹਨ।
ਭਾਈਚਾਰਿਆਂ ਦਾ ਇਹ ਚੌਥਾ ਗਰੁੱਪ ਸੂਬੇ ਦੇ ਵਿਸਤ੍ਰਿਤ ਰਿਹਾਇਸ਼ੀ-ਟੀਚਿਆਂ ਦੇ ਪ੍ਰੋਗਰਾਮ ਦਾ ਹਿੱਸਾ ਹੈ, ਜਿਸਨੂੰ ਮਈ 2025 ਵਿੱਚ ਐਲਾਨਿਆ ਗਿਆ ਸੀ। ਇਸ ਦਾ ਮੰਤਵ ਵੱਧ ਰਹੇ ਭਾਈਚਾਰਿਆਂ ਵਿੱਚ ਰਿਹਾਇਸ਼ਾਂ ਦੀ ਉੱਚ ਮੰਗ ਨੂੰ ਪੂਰਾ ਕਰਨਾ ਅਤੇ ਸੂਬੇ ਭਰ ਵਿੱਚ ਲੋਕਾਂ ਲਈ ਲੋੜੀਂਦੇ ਘਰਾਂ ਦੀ ਸਪਲਾਈ ਜਾਰੀ ਰੱਖਣਾ
ਹੈ।
ਹੇਠਾਂ ਹਰੇਕ ਮਿਊਂਨਿਸੀਪੈਲਿਟੀ ਲਈ ਪੰਜ ਸਾਲ ਦੇ ਟੀਚੇ ਹਨ ਜੋ ਸੋਮਵਾਰ, 1 ਸਤੰਬਰ, 2025 ਤੋਂ ਲਾਗੂ ਹੋਣਗੇ ਅਤੇ ਜੋ ਸਲਾਹ-ਮਸ਼ਵਰੇ ਤੋਂ ਬਾਅਦ ਨਿਰਧਾਰਤ ਕੀਤੇ ਗਏ ਹਨ। ਇਹ ਮਿਊਂਨਿਸੀਪੈਲਿਟੀਆਂ ਦੀ ਅਨੁਮਾਨਿਤ ਰਿਹਾਇਸ਼ ਲੋੜ ਦਾ 75% ਦਰਸਾਉਂਦੇ ਹਨ:
• ਬਰਨਬੀ – 10,240
• ਕੋਕੁਇਟਲਮ – 6,481
• ਕੋਰਟਨੀ – 1,334
• ਟਾਊਨਸ਼ਿਪ ਔਫ ਲੈਂਗਲੀ – 6,596
• ਲੈਂਗਫੋਰਡ – 2,993
• ਪੈਂਟਿਕਟਨ – 908
• ਪਿੱਟ ਮੈਡੋਜ਼ – 727
• ਰਿਚਮੰਡ – 6,753
• ਸਕੁਆਮਿਸ਼ – 1,069
• ਵਰਨਨ – 1,829
ਕੁੱਲ 38,930 ਘਰਾਂ ਦੇ ਨਾਲ, ਭਾਈਚਾਰਿਆਂ ਦਾ ਚੌਥਾ ਗਰੁੱਪ ਅਗਲੇ ਪੰਜ ਸਾਲਾਂ ਵਿੱਚ ਰਿਹਾਇਸ਼ਾਂ ਦੀ ਸਪਲਾਈ ਨੂੰ ਵਧਾਉਣ ਲਈ ਤਿਆਰ ਹੈ। ਟੀਚਿਆਂ ਵਿੱਚ ਯੋਗਦਾਨ ਪਾਉਣ ਲਈ, ਸੂਬੇ ਨੇ ਹਰੇਕ ਮਿਊਂਨਿਸੀਪੈਲਿਟੀ ਨੂੰ ਕੁਝ ਦਿਸ਼ਾ ਨਿਰਦੇਸ਼ ਦਿੱਤੇ ਹਨ ਜੋ ਇਹ ਦਰਸਾਉਂਦੇ ਹਨ ਕਿ ਆਕਾਰ ਅਨੁਸਾਰ ਕਿੰਨੇ ਰਿਹਾਇਸ਼ੀ ਯੂਨਿਟ ਹੋਣੇ ਚਾਹੀਦੇ
ਹਨ।
ਇਸ ਵਿੱਚ ਇਹ ਜਾਣਕਾਰੀ ਵੀ ਸ਼ਾਮਲ ਹੈ ਕਿ ਕਿੰਨੇ ਯੂਨਿਟ ਕਿਰਾਏ ‘ਤੇ ਦਿੱਤੇ ਜਾ ਸਕਦੇ ਹਨ ਅਤੇ ਕਿੰਨੇ ਯੂਨਿਟ ਮਕਾਨ ਮਾਲਕਾਂ ਲਈ ਹੋਣਗੇ, ਅਤੇ ਕਿਰਾਏ ਦੇ ਕਿੰਨੇ ਯੂਨਿਟ ਮਾਰਕਿਟ ਵਿੱਚ ਚੱਲ ਰਹੀਆਂ ਕਿਰਾਏ ਦੀਆਂ ਦਰਾਂ ਤੋਂ ਘੱਟ ਕਿਰਾਏ ‘ਤੇ ਦਿੱਤੇ ਜਾ ਸਕਦੇ ਹਨ ਅਤੇ ਕਿੰਨੇ ਕਿਰਾਏ ਦੇ ਯੂਨਿਟਾਂ ਵਿੱਚ ਸਾਈਟ ‘ਤੇ ਮਿਲਣ ਵਾਲੀ ਸਹਾਇਤਾ ਉਪਲਬਧ ਹੋਵੇਗੀ। ਇਨ੍ਹਾਂ ਵਿੱਚੋਂ 14,000 ਤੋਂ ਵੱਧ ਘਰ ਮਾਰਕਿਟ ਦਰਾਂ ਤੋਂ ਘੱਟ ਕਿਰਾਏ ‘ਤੇ ਦਿੱਤੇ ਜਾਣ ਵਾਲੇ ਹਨ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਭਾਈਚਾਰੇ ਪਹਿਲਾਂ ਹੀ ਵਧੇਰੇ ਘਰ ਬਣਾਉਣ ਵਿੱਚ ਮੋਹਰੀ ਹਨ। ਬਰਨਬੀ, ਲੈਂਗਫੋਰਡ ਅਤੇ ਪੈਂਟਿਕਟਨ ਵਰਗੀਆਂ ਮਿਊਂਨਿਸੀਪੈਲਿਟੀਆਂ ਨੇ ਪਹਿਲਾਂ ਹੀ ਸਰਗਰਮ ਕਦਮ ਚੁੱਕੇ ਹਨ, ਜਿਵੇਂ ਕਿ ਸਥਾਨਕ ਨੀਤੀਆਂ ਨੂੰ ਸੋਧਣਾ ਅਤੇ ਮਜ਼ਬੂਤ ਭਾਈਵਾਲੀ ਬਣਾਉਣਾ, ਤਾਂ ਜੋ ਉਨ੍ਹਾਂ ਦੇ ਵਸਨੀਕਾਂ ਦੀਆਂ ਰਿਹਾਇਸ਼ੀ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕੀਤਾ ਜਾ
ਸਕੇ।
ਸੂਬਾ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਲਈ ਨਿਵੇਸ਼ਾਂ ‘ਤੇ ਫੈਡਰਲ ਸਰਕਾਰ ਨਾਲ ਕੰਮ ਕਰਨ ਲਈ ਰਿਹਾਇਸ਼ੀ-ਟੀਚਿਆਂ ਦੇ ਪ੍ਰੋਗਰਾਮ ਦੇ ਅੰਕੜਿਆਂ ਦੀ ਵਰਤੋਂ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਆਪਣੀ ਭੂਮਿਕਾ ਨਿਭਾਉਣ ਵਾਲੇ ਬੀ.ਸੀ. ਦੇ ਭਾਈਚਾਰਿਆਂ ਨੂੰ ਫੈਡਰਲ ਪੱਧਰ ‘ਤੇ ਮਾਨਤਾ ਅਤੇ ਸਹਾਇਤਾ ਦਿੱਤੀ ਜਾਵੇ।
ਇਹ ਟੀਚੇ ਹਾਊਸਿੰਗ ਸਪਲਾਈ ਐਕਟ ਦੇ ਤਹਿਤ ਸੂਬੇ ਦੀ ਕਾਰਜਨੀਤੀ ਦਾ ਹਿੱਸਾ ਹਨ, ਜਿਸ ਦਾ ਉਦੇਸ਼ ਸਭ ਤੋਂ ਵੱਡੀਆਂ ਜ਼ਰੂਰਤਾਂ ਵਾਲੇ ਖੇਤਰਾਂ ਵਿੱਚ ਰਿਹਾਇਸ਼ਾਂ ਦੀ ਸਪਲਾਈ, ਉਪਲਬਧਤਾ ਅਤੇ ਸਮਰੱਥਾ ਨੂੰ ਵਧਾਉਣਾ
ਹੈ।
ਇਸਦਾ ਟੀਚਾ ਭਾਈਚਾਰਿਆਂ ਦੀ ਆਬਾਦੀ ਵਿੱਚ ਅਨੁਮਾਨਤ ਵਾਧੇ ਨਾਲ ਨਜਿੱਠਣ ਅਤੇ ਸਥਾਨਕ ਰਿਹਾਇਸ਼ਾਂ ਦੀ ਮੰਗ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨਾ ਹੈ, ਤਾਂ ਜੋ ਵਧੇਰੇ ਲੋਕ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਬੱਜਟ ਦੇ ਮੁਤਾਬਕ ਘਰ ਲੱਭ ਸਕਣ। ਹੁਣ ਤੱਕ, ਰਿਹਾਇਸ਼ੀ ਟੀਚਿਆਂ ਲਈ ਚੁਣੇ ਗਏ ਪਹਿਲੇ 30 ਭਾਈਚਾਰਿਆਂ ਵਿੱਚ 16,000 ਤੋਂ ਵੱਧ ਨਵੇਂ ਘਰ ਬਣਾਏ ਜਾ ਚੁੱਕੇ
ਹਨ।
ਰਿਹਾਇਸ਼ੀ ਟੀਚਿਆਂ ਲਈ ਪ੍ਰੋਗਰਾਮ ਸੂਬੇ ਦੀ ਹੋਮਜ਼ ਫਾਰ ਪੀਪਲ ਕਾਰਵਾਈ ਯੋਜਨਾ ਦਾ ਹਿੱਸਾ ਹੈ ਤਾਂ ਜੋ ਬੀ.ਸੀ. ਵਿੱਚ ਵਧੇਰੇ ਘਰ ਮੁਹੱਈਆ ਕਰਵਾਏ ਜਾ ਸਕਣ।
ਇਹ $19 ਬਿਲੀਅਨ ਦੇ ਮਹੱਤਵਪੂਰਨ ਰਿਹਾਇਸ਼ੀ ਨਿਵੇਸ਼ ਨੂੰ ਅੱਗੇ ਵਧਾਉਂਦਾ ਹੈ। ਸਾਲ 2017 ਤੋਂ ਲੈ ਕੇ ਹੁਣ ਤੱਕ, ਬੀ.ਸੀ. ਭਰ ਵਿੱਚ 93,250 ਤੋਂ ਵੱਧ ਘਰ ਉਪਲਬਧ ਕਰਵਾਏ ਗਏ ਹਨ ਜਾਂ ਉਨ੍ਹਾਂ ‘ਤੇ ਕੰਮ ਚੱਲ ਰਿਹਾ ਹੈ।