ਬਾਬਾ ਨਾਨਕ ਦੇ ਪਹਿਲੇ ਸਿੱਖ ਭਾਈ ਰਾਏ ਬੁਲਾਰ ਦੇ ਵੰਸ਼ਜ ਨੂੰ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ

0
993

ਭਾਰਤ ਦੇ ਇਸਲਾਮਾਬਾਦ ਸਥਿਤ ਦੂਤਾਵਾਸ ਨੇ ਰਾਏ ਸਲੀਮ ਅਖ਼ਤਰ ਭੱਟੀ ਨੂੰ ਇਕ ਵਾਰ ਫਿਰ ਤੋਂ ਵੀਜ਼ਾ ਜਾਰੀ ਕਰਨ ਤੋ ਇਨਕਾਰ ਕਰ ਦਿਤਾ ਹੈ। ਬਾਬੇ ਨਾਨਕ ਦੇ ਪਹਿਲੇ ਸਿੱਖ ਭਾਈ ਰਾਏ ਬੁਲਾਰ ਦੇ ਵੰਸ਼ਜ ਰਾਏ ਸਲੀਮ ਅਖਤਰ ਭੱਟੀ ਨੇ ਭਾਰਤ ਆਉਣਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਏ ਸਲੀਮ ਅਖ਼ਤਰ ਭੱਟੀ ਨੇ ਦਸਿਆ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਚਿਰੋਕਣੀ ਇਛਾ ਰਖਦੇ ਹਨ।
ਉਨ੍ਹਾਂ ਦੀ ਇਸ ਯਾਤਰਾ ਵਿਚ ਭਾਈ ਰਾਏ ਬੁਲਾਰ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਵੀ ਲਗਵਾਉਣਾ ਸੀ। ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 30 ਜੁਲਾਈ ਨੂੰ ਉਹ ਨਨਕਾਣਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ, ਮੁੱਖ ਸਕਤਰ ਡਾ. ਰੂਪ ਸਿੰਘ ਤੋ ਇਲਾਵਾ ਬੀਤੇ ਦਿਨੀ ਪਰਮਜੀਤ ਸਿੰਘ ਸਰਨਾ ਨਾਲ ਆਏ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੂੰ ਮਿਲ ਕੇ ਭਾਰਤ ਆਉਣ ਲਈ ਵੀਜ਼ਾ ਜਾਰੀ ਕਰਵਾਉਣ ਵਿਚ ਮਦਦ ਕਰਨ ਦੀ ਬੇਨਤੀ ਕਰ ਚੁੱਕੇ ਹਨ।
ਪਰ ਬਿਨਾਂ ਕਿਸੇ ਕਾਰਨ ਤੋਂ ਭਾਰਤ ਸਰਕਾਰ ਉਨ੍ਹਾਂ ਨੂੰ ਭਾਰਤ ਆਉਣ ਲਈ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਇਕ ਵਾਰ ਵੀਜ਼ਾ ਦੇਣ ਤੋਂ ਭਾਰਤ ਦੇ ਇਸਲਾਮਾਬਾਦ ਵਿਖੇ ਸਥਿਤ ਦੂਤਾਵਾਸ ਨੇ ਇਨਕਾਰ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਉਹ ਪੇਸ਼ੇ ਤੋਂ ਵਕੀਲ ਹਨ ਤੇ ਇਕ ਜ਼ਿੰਮੇਵਾਰ ਨਾਗਰਿਕ ਹਨ। ਉਨ੍ਹਾਂ ਦੀ ਇਛਾ ਹੈ ਕਿ ਇਕ ਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਅਪਣੇ ਬਜੁਰਗਾਂ ਦੀ ਤਸਵੀਰ ਸਿੱਖਾਂ ਦੇ ਸੱਭ ਤੋਂ ਵੱਡੇ ਅਜਾਇਬ ਘਰ ਵਿਚ ਲਗਵਾਉਣਾ ਹੈ। ਇਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦਿਤੀ ਜਾਵੇ।