ਚੋਣਾਂ ਦੌਰਾਨ ਕੈਨੇਡਾ ’ਚ ਇੰਮੀਗ੍ਰੇਸ਼ਨ ਵਿਰੁੱਧ ਲੱਗੇ ਬੋਰਡਾਂ ਕਾਰਨ ਕੁੜਤਣ ਬਣੀ

0
996

ਟੋਰਾਂਟੋ: ਕੈਨੇਡਾ ’ਚ ਫੈਡਰਲ ਚੋਣਾਂ ’ਚ ਦੋ ਮਹੀਨਿਆਂ ਤੋਂ ਘੱਟ ਸਮਾਂ ਰਹਿ ਗਿਆ ਹੈ। ਅਜਿਹੇ ’ਚ ਕੰਜ਼ਰਵੇਟਿਵ ਪਾਰਟੀ ਤੋਂ ਟੁੱਟ ਕੇ ਸਾਲ ਕੁ ਪਹਿਲਾਂ ਹੋਂਦ ’ਚ ਲਿਆਂਦੀ ਗਈ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੇ ਆਗੂ ਮੈਕਸੀਮ ਬਰਨੀਏ ਦੀ ਫੋਟੋ ਨਾਲ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ’ਚ ਹੋ ਰਹੀ ਇੰਮੀਗ੍ਰੇਸ਼ਨ ਬੰਦ ਕਰਨ ਦਾ ਸੰਦੇਸ਼ ਦੇਣ ਵਾਲ਼ੇ ਵੱਡ-ਆਕਾਰੀ ਬੋਰਡ ਸਾਹਮਣੇ ਆਏ ਹਨ। ਬੀਤੇ ਹਫ਼ਤੇ ਦੌਰਾਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਜਨਤਕ ਥਾਵਾਂ ’ਤੇ ਸਾਹਮਣੇ ਆਏ ਬੋਰਡਾਂ ਨੂੰ ਲੋਕਾਂ ਨੇ ਬਹੁਤਾ ਪਸੰਦ ਨਹੀਂ ਕੀਤਾ। ਗੋਰਿਆਂ ਦੀ ਚੋਖੀ ਵਸੋਂ ਵਾਲ਼ੇ ਪਰ ਪ੍ਰਵਾਸੀਆਂ ਲਈ ਸਹਿਣਸ਼ੀਲ ਲੋਕਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਹੈਲੀਫੈਕਸ ਸ਼ਹਿਰ ’ਚ ਸੜਕਾਂ ਕਿਨਾਰੇ ਲੱਗੇ ਬੋਰਡਾਂ ਉਪਰ ਵੀ ਸਥਾਨਕ ਲੋਕਾਂ ਨੇ ਆਪ ਮੁਹਾਰੇ ਇਤਰਾਜ਼ ਉਠਾਏ ਹਨ। ਇਹ ਵੀ ਕਿ ਪੀ.ਪੀ.ਸੀ. ਦੀ ਪਰਵਾਸੀਆਂ ਵਿਰੁੱਧ ਨੀਤੀ ਬਾਰੇ ਹਰੇਕ ਭਾਈਚਾਰੇ ਦੇ ਲੋਕ ਕਿੰਤੂ-ਪ੍ਰੰਤੂ ਕਰਨ ਲੱਗੇ ਹਨ। ਇਥੋਂ ਤੱਕ ਕਿ ਹੈਲੀਫੈਕਸ ’ਚ ਗੋਰਿਆਂ ਦੇ ਭਾਈਚਾਰੇ ਨੇ ਵੀ ਪੀ. ਪੀ. ਸੀ. ਦੇ ਹਵਾਲੇ ਨਾਲ਼ ਸਾਹਮਣੇ ਆਏ ਇਸ ਕਦਮ ਨੂੰ ਚੰਗਾ ਨਹੀਂ ਸਮਝਿਆ। ਕੈਨੇਡਾ ਦੇ ਲੋਕ ਆਮ ਸਹਿਮਤ ਹਨ ਕਿ ਇਮੀਗ੍ਰੇਸ਼ਨ ਦੀ ਮਦਦ ਨਾਲ ਦੇਸ਼ ਦੀ ਆਰਥਿਕਤਾ ਅਤੇ ਸਮਾਜ ਨੂੰ ਧੜਕਦਾ ਰੱਖਣ ’ਚ ਮਦਦ ਮਿਲਦੀ ਹੈ। ਵਿਦੇਸ਼ਾਂ ਤੋਂ ਆ ਰਹੇ ਬਹੁਤ ਸਾਰੇ ਲੋਕ ਆਪਣੇ ਨਾਲ਼ ਪੈਸਾ ਅਤੇ ਕਿੱਤਿਆਂ ਦੀ ਯੋਗਤਾ ਲਿਆ ਰਹੇ ਹਨ ਜਿਸ ਨਾਲ਼ ਕੈਨੇਡਾ ਦੇ ਰੁਜ਼ਗਾਰ ਖੇਤਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। 90ਵਿਆਂ ਤੋਂ ਬਾਅਦ (ਹਰੇਕ ਪਾਰਟੀ ਦੀ) ਕੈਨੇਡਾ ਸਰਕਾਰ ਵਲੋਂ ਇਮੀਗ੍ਰੇਸ਼ਨ ਦਾ ਸਲਾਨਾ ਕੋਟਾ ਲਗਾਤਾਰ ਵਧਾਇਆ ਜਾਂਦਾ ਰਿਹਾ ਹੈ, ਜਿਸ ਨਾਲ਼ ਦੇਸ਼ ਦੀ ਬਹੁ-ਗਿਣਤੀ ਸਹਿਮਤ ਹੁੰਦੀ ਰਹੀ ਹੈ। ਜਦੋਂ ਪੱਤਰਕਾਰਾਂ ਨੇ ਪੀ.ਪੀ.ਸੀ. ਦੇ ਮੁੱਖ ਦਫ਼ਤਰ ਤੋਂ ਵਿਵਾਦਤ ਬੋਰਡਾਂ ਬਾਰੇ ਸਪੱਸ਼ਟੀਕਰਨ ਦੀ ਮੰਗ ਕੀਤੀ ਤਾਂ ਪਾਰਟੀ ਦੀ ਕਾਰਜਕਾਰੀ ਡਾਇਰੈਕਟਰ ਜੋਅਨ ਮੈਨੀ ਨੇ ਕਿਹਾ ਕਿ ਇਹ ਬੋਰਡ ਪਾਰਟੀ ਨੇ ਨਹੀਂ ਬਣਾਏ ਅਤੇ ਕਿਸੇ ਤੀਸਰੀ ਧਿਰ ਨੇ ਅਧਿਕਾਰਤ ਕੀਤੇ ਹਨ, ਜਿਸ ਨਾਲ਼ ਪੀ.ਪੀ.ਸੀ ਦਾ ਸੰਪਰਕ ਨਹੀਂ ਹੈ। ਪਤਾ ਲੱਗਾ ਹੈ ਕਿ ‘ਟਰੂ ਨਾਰਥ ਸਟਰਾਂਗ ਐਾਡ ਫਰੀ ਐਡਵ੍ਰਟਾਈਸਿੰਗ’ ਨਾਮਕ ਸੰਸਥਾ ਨੇ ਇਨ੍ਹਾਂ ਬੋਰਡਾਂ ਨੂੰ ਤਿਆਰ ਕਰਵਾਇਆ ਹੋ ਸਕਦਾ ਹੈ, ਜਿਸ ਦੇ ਦਸਤਾਵੇਜ਼ਾਂ ਮੁਤਾਬਿਕ ਕਰਤਾ ਧਰਤਾ ਫਰੈਂਕ ਸਮਿੱਥ ਹਨ। ਪੀ.ਪੀ.ਸੀ. ਦੇ ਆਗੂ ਸ੍ਰੀ ਬਰਨੀਏ ਨੇ ਕਿਊਬਕ ’ਚ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਹ ਕਿਸੇ ਹਰੋ ਸੰਸਥਾ ਵਲੋਂ ਇਨ੍ਹਾਂ ਬੋਰਡਾਂ ਰਾਹੀਂ ਦਿੱਤੇ ਜਾ ਰਹੇ ਸੰਦੇਸ਼ ਨਾਲ਼ ਸਹਿਮਤ ਹਨ ਙ ਇਸੇ ਦੌਰਾਨ ਬੀਤੇ ਐਤਵਾਰ ਨੂੰ ਇਸ ਬਾਰੇ ਦੇਸ਼ ਭਰ ਦੇ ਰਾਜਨੀਤਕ ਖੇਮਿਆਂ ’ਚ ਹੜਕੰਪ ਮਚਿਆ ਰਿਹਾ, ਜਿਸ ਤੋਂ ਬਾਅਦ ਵੱਡ ਆਕਾਰੀ ਬਿੱਲ ਬੋਰਡਾਂ ਰਾਹੀਂ ਪ੍ਰਚਾਰ ਕਰਨ ਦੀ ਜਗ੍ਹਾ ਦੇਣ ਵਾਲ਼ੀ ਕੰਪਨੀ ਪੈਟੀਸਨ ਆਊਟਡੋਰ ਐਡਵ੍ਰਟਾਈਸਿੰਗ ਨੇ ਸਾਰੇ ਬੋਰਡ ਹਟਾਉਣ ਦਾ ਫੈਸਲਾ ਕੀਤਾ।