ਜਸਟਿਨ ਟਰੂਡੋ ਨੇ ਨਸਲੀ ਪੁਸ਼ਾਕ ਪਾਉਣ ਦੀ ਗਲਤੀ ਮੰਨੀ

0
876

ਸਰੀ: ਕੈਨੇਡਾ ਦੇ ਪ੍ਰਧਾਨ ਮੰਤਰੀ ਹੁੰਦਿਆਂ ਜਸਟਿਨ ਟਰੂਡੋ ਨੇ ਬੀਤੇ ਚਾਰ ਕੁ ਸਾਲਾਂ ਦੌਰਾਨ ਪੁਰਾਣੀਆਂ ਕੈਨੇਡੀਅਨ ਸਰਕਾਰਾਂ ਦੀਆਂ ਘੱਟ-ਗਿਣਤੀ ਭਾਈਚਾਰਿਆਂ ਨਾਲ ਵਧੀਕੀਆਂ ਬਾਰੇ ਮੁਆਫੀਆਂ ਮੰਗ ਕੇ ਮਾਹੌਲ ਸਾਜ਼ਗਾਰ ਕਰਨ ਦਾ ਯਤਨ ਕੀਤਾ ਪਰ ਉਸੇ ਕੜੀ ‘ਚ ਉਨ੍ਹਾਂ ਨੂੰ ਇਕ ਵਾਰ ਲੋਕਾਂ ਤੋਂ ਮੁਆਫ਼ੀ ਮੰਗਣੀ ਪਈ ਹੈ। ਮਾਮਲਾ ੨੦੦੧ ਦਾ ਹੈ ਜਦ ਉਹ ਵੈਨਕੂਵਰ ‘ਚ ਇਕ ਨਿੱਜੀ ਸਕੂਲ (ਵੈਸਟ ਪੁਆਇੰਟ ਗਰੇਅ ਅਕੈਡਮੀ) ਦੇ ਅਧਿਆਪਕ ਸਨ। ਉਦੋਂ ਉਨ੍ਹਾਂ ਨੇ ਸਕੂਲ ਵਲੋਂ ਕਰਵਾਏ ‘ਅਰੇਬੀਅਨ ਨਾਈਟਸ’ ਨਾਮ ਦੇ ਇਕ ਵੱਡੇ ਪ੍ਰੋਗਰਾਮ ‘ਚ ਮਖੌਲ ਵਜੋਂ ਪੱਗ ਸਮੇਤ ‘ਅਲਾਦੀਨ ਕਸਟਿਊਮ’ ਪਹਿਨ ਕੇ ਅਤੇ ਗੂੜ੍ਹੇ ਭੂਰੇ ਰੰਗ ਦੀ ਸ਼ਕਲ ਬਣਾ ਕੇ ਸ਼ਮੂਲੀਅਤ ਕੀਤੀ ਸੀ। ੨੧ ਅਕਤੂਬਰ ੨੦੧੯ ਨੂੰ ਹੋਣ ਵਾਲ਼ੀ ਫੈਡਰਲ ਇਲੈਕਸ਼ਨ ਦੇ ਪ੍ਰਚਾਰ ਦੇ ਦੂਸਰੇ ਹਫਤੇ ਦੌਰਾਨ ਉਸ ਸਮੇਂ ਦੀ ਇਕ ਤਸਵੀਰ ਮੀਡੀਆ ‘ਚ ਪ੍ਰਕਾਸ਼ਿਤ ਹੋਈ ਹੈ। ਜਿਸ ‘ਚ ਸ੍ਰੀ ਟਰੂਡੋ ਮਖੌਲੀਆ ਅੰਦਾਜ਼ ‘ਚ ਵਿਚਰਦੇ ਨਜ਼ਰ ਆ ਰਹੇ ਹਨ। ਇਸ ਬਾਰੇ ਅਫਸੋਸ ਪ੍ਰਗਟ ਕਰਦਿਆਂ ਸ੍ਰੀ ਟਰੂਡੋ ਨੇ ਦੱਸਿਆ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ ਸੀ ਪਰ ਉਨ੍ਹ੍ਹਾਂ ਕੋਲੋਂ ਗਲਤੀ ਹੋ ਗਈ ਜਿਸ ਲਈ ਮੁਆਫੀ ਮੰਗਦੇ ਹਨ। ਉਨ੍ਹਾਂ ਆਖਿਆ ਕਿ ੨੦੦੧ ‘ਚ ਉਨ੍ਹਾਂ ਨੂੰ ਮਹਿਸੂਸ ਨਹੀਂ ਹੋਇਆ ਕਿ ਉਹ ਕੋਈ ਨਸਲੀ ਭੇਦਭਾਵ ਵਾਲੀ ਗਲਤੀ ਕਰ ਰਹੇ ਸਨ ਪਰ ਚਿਹਰਾ ਭੂਰਾ ਕਰਨਾ ਠੀਕ ਨਹੀਂ ਸੀ।
ਸ੍ਰੀ ਟਰੂਡੋ ਵਲੋਂ ਮੁਆਫੀ ਮੰਗਣ ਤੋਂ ਪਹਿਲਾਂ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਅਤੇ ਗਰੀਨ ਪਾਰਟੀ ਦੀ ਆਗੂ ਇਲਾਜ਼ਬੈੱਥ ਮੇਅ ਨੇ ਇਸ ਬਾਰੇ ਸ੍ਰੀ ਟਰੂਡੋ ਤੋਂ ਜਵਾਬ ਮੰਗਿਆ ਸੀ ਅਤੇ ਦੇਸ਼ ਭਰ ‘ਚ ਵਿਸ਼ੇਸ਼ ਤੌਰ ‘ਤੇ ਘੱਟ ਗਿਣਤੀ ਭਾਈਚਾਰਿਆਂ ‘ਚ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ ਸੀ। ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਓ ਸ਼ੀਅਰ ਨੇ ਵੀ ਆਪਣੇ ਸੁਭਾਅ ਮੁਤਾਬਿਕ ਸ੍ਰੀ ਟਰੂਡੋ ਦੀ ਸਖਤ ਸ਼ਬਦਾਂ ‘ਚ ਆਲੋਚਨਾ ਕੀਤੀ। ਇਸੇ ਦੌਰਾਨ ਸ੍ਰੀ ਟਰੂਡੋ ਵਲੋਂ ਮੁਆਫੀ ਮੰਗਣ ‘ਤੇ ਕੈਨੇਡਾ ‘ਚ ਨੈਸ਼ਨਲ ਕੌਂਸਲ ਆਫ ਮੁਸਲਿਮ ਦੇ ਆਗੂਆਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।