ਢੇਸਾ ਭਰਾਵਾਂ ਵੱਲੋਂ ਹਰਜੀਤ ਗਿੱਲ ਦੀ ਚੋਣ ਮੁਹਿੰਮ ਨੂੰ ਦਿੱਤਾ ਹੁਲਾਰਾ

0
991

ਸਰੀ: ਸਰੀ ਨਿਊਟਨ ਤੋਂ ਐਨ. ਡੀ. ਪੀ. ਉਮੀਦਵਾਰ ਹਰਜੀਤ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ। ਜਦੋਂ ਢੇਸਾ ਭਰਾਵਾਂ ਦੇ ਸਹਿਯੋਗੀਆਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਸ੍ਰੀ ਗਿੱਲ ਦਾ ਭਰਵਾਂ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹਰਜੀਤ ਗਿੱਲ ਨੇ ਨਾਹਰ ਸਿੰਘ ਢੇਸਾ, ਸੋਹਣ ਸਿੰਘ ਢੇਸਾ, ਸੈਂਡੀ ਢੇਸਾ ਅਤੇ ਮੈਂਡੀ ਢੇਸਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸਲ ਵਿਚ ਇਹ ਚੋਣ ਤੁਹਾਡੀ ਆਪਣੀ ਚੋਣ ਹੈ। ਇਸ ਚੋਣ ਦੀ ਸਫਲਤਾ ਹੀ ਲੋਕਾਂ ਦੇ ਲੰਮੇ ਸਮੇਂ ਤੋਂ ਲਟਕ ਰਹੇ ਮਸਲਿਆਂ ਦਾ ਸਬੱਬ ਬਣੇਗੀ। ਸ੍ਰੀ ਗਿੱਲ ਨੇ ਸਪੱਸ਼ਟ ਲਫਜ਼ਾਂ ਵਿਚ ਕਿਹਾ ਕਿ ਅਸਲ ਵਿਚ ਕੁਝ ਰਾਜਨੀਤਕ ਆਗੂਆਂ ਨੇ ਆਪਣੀ ਫੋਕੀ ਚੌਧਰ ਪਾਲਣ ਲਈ ਲੋਕਾਂ ਵਿਚ ਕਈ ਤਰ੍ਹਾਂ ਦੇ ਭਰਮ ਭਲੇਖੇ ਪੈਦਾ ਕੀਤੇ ਹੋਏ ਹਨ ਜਦੋਂ ਕਿ ਕੋਈ ਵੀ ਲੀਡਰ ਸਿਸਟਮ ਤੋਂ ਹਟ ਕੇ ਵੱਖਰਾ ਕੁਝ ਵੀ ਕਰਵਾਉਣ ਦੀ ਪਾਵਰ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਜਿਹੜਾ ਲੀਡਰ ਤੁਹਾਨੂੰ ਇਹ ਕਹਿੰਦਾ ਹੈ ਕਿ ਜੇਕਰ ਕੋਈ ਕੰਮ ਹੋਇਆ ਤਾਂ ਦੱਸੀਂ, ਤਾਂ ਉਹ ਕੋਰਾ ਝੂਠ ਬੋਲ ਰਿਹਾ ਹੈ। ਹਰਜੀਤ ਗਿੱਲ ਨੇ ਫਿਰ ਦੁਹਰਾਇਆ ਕਿ ਉਹ ਅਸਲ ਵਿਚ ਨੌਜਵਾਨਾਂ ਨੂੰ ਰਾਜਨੀਤੀ ਵਿਚ ਅੱਗੇ ਲਿਆਉਣ ਲਈ ਇਕ ਪੁਲ ਦਾ ਕਾਰਜ ਕਰਨ ਵਾਸਤੇ ਚੋਣ ਮੈਦਾਨ ਵਿਚ ਆਏ ਹਨ। ਇਸ ਮੌਕੇ ਨਾਹਰ ਸਿੰਘ ਢੇਸਾ ਨੇ ਆਪਣੇ ਸਾਰੇ ਹਮਾਇਤੀਆਂ ਦਾ ਧੰਨਵਾਦ ਕੀਤਾ ਅਤੇ ਹਰਜੀਤ ਗਿੱਲ ਦੀ ਮੁਹਿੰਮ ਵਿਚ ਡਟ ਜਾਣ ਦੀ ਅਪੀਲ ਕੀਤੀ।