ਯੂਰਪ ‘ਚ ਟੁੱਟੇ ਗਰਮੀ ਦੇ ਰਿਕਾਰਡ

0
1351

ਗਰਮੀ ਨਾਲ ਅੱਜਕੱਲ੍ਹ ਭਾਰਤ ‘ਚ ਹੀ ਨਹੀਂ ਬਲਕਿ ਯੂਰਪ ਦੇ ਕਈ ਹਿੱਸਿਆਂ ‘ਚ ਵੀ ਲੋਕ ਪਰੇਸ਼ਾਨ ਹਨ। ਕਈ ਹਿੱਸਿਆਂ ‘ਚ ਗਰਮੀ ਦੇ ਪਿਛਲੇ ਰਿਕਾਰਡ ਟੁੱਟ ਗਏ ਹਨ, ਜਦਕਿ ਮੌਸਮ ਦਾ ਸਭ ਤੋਂ ਗਰਮ ਦਿਨ ਆਉਣਾ ਹਾਲੇ ਬਾਕੀ ਹੈ। ਫਰਾਂਸ, ਜਰਮਨੀ, ਪੋਲੈਂਡ ਤੇ ਸਪੇਨ ਦੇ ਕੁਝ ਹਿੱਸਿਆਂ ‘ਚ ਤਾਪਮਾਨ ੩੭.੮ ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਚੁੱਕਾ ਹੈ। ਇੱਥੋਂ ਦੇ ਵਾਤਾਵਰਨ ਦੇ ਲਿਹਾਜ਼ ਨਾਲ ਇਹ ਕਾਫ਼ੀ ਉੱਚਾ ਪੱਧਰ ਹੈ। ਗਰਮੀ ਦਾ ਇਹ ਹਾਲ ਉਦੋਂ ਹੈ, ਜਦੋਂ ਹਫ਼ਤੇ ਦੇ ਅਖ਼ੀਰ ਤਕ ਗਰਮ ਹਵਾਵਾਂ ਦੇ ਹੋਰ ਥਪੇੜੇ ਪੈਣ ਦੇ ਆਸਾਰ ਹਨ। ਸਵਿਟਜ਼ਰਲੈਂਡ ‘ਚ ਵੀ ਕੁਝ ਹਿੱਸਿਆਂ ‘ਚ ਕਰੀਬ ਢਾਈ ਦਹਾਕੇ ਦਾ ਰਿਕਾਰਡ ਟੁੱਟ ਰਿਹਾ ਹੈ। ਆਉਣ ਵਾਲੇ ਦਿਨਾਂ ‘ਚ ਗਰਮੀ ਕੀ ਰਿਕਾਰਡ ਬਣਾਏਗੀ, ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇੱਥੇ ਕਈ ਇਲਾਕਿਆਂ ‘ਚ ਰਿਕਾਰਡ ਟੁੱਟ ਚੁੱਕੇ ਹਨ। ਫਰਾਂਸਿਸੀ ਮੌਸਮ ਵਿਭਾਗ ਮੁਤਾਬਕ, ਬੁੱਧਵਾਰ ਦਾ ਦਿਨ ਜੂਨ ਦਾ ਹੁਣ ਤਕ ਦਾ ਸਭ ਤੋਂ ਗਰਮ ਦਿਨ ਰਿਹਾ। ਇਸ ਦਿਨ ਔਸਤ ਤਾਪਮਾਨ ੩੪.੯ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬਰਲਿਨ ‘ਚ ਵੀ ਇਹੀ ਹਾਲ ਹੈ। ਇੱਥੇ ਵੀ ਬੁੱਧਵਾਰ ਨੂੰ ਦੁਪਹਿਰ ਵੇਲੇ ਜੋ ਤਾਪਮਾਨ ਦਰਜ ਕੀਤਾ ਗਿਆ, ਉਹ ਜੂਨ ਦੇ ਲਿਹਾਜ਼ ਨਾਲ ਸਭ ਤੋਂ ਵੱਧ ਰਿਹਾ। ਇਸ ਦਿਨ ਇੱਥੋਂ ਦਾ ਤਾਪਮਾਨ ੩੮.੬ ਡਿਗਰੀ ਸੈਲਸੀਅਸ ਸੀ। ਪੋਲੈਂਡ ‘ਚ ਵੀ ਪੂਰਬੀ ਹਿੱਸੇ ‘ਚ ਤਾਪਮਾਨ ੩੮.੨ ਡਿਗਰੀ ਸੈਲਸੀਅਸ ਦੇ ਰਿਕਾਰਡ ਪੱਧਰ ‘ਤੇ ਪਹੁੰਚ ਚੁੱਕਾ ਹੈ।