ਮੁੰਬਈ ਤਾਜ ਹੋਟਲ ਦੇ ਕਈ ਮੁਲਾਜ਼ਮ ਕਰੋਨਾ ਪਾਜ਼ੇਟਿਵ

0
1014

ਮੁੰਬਈ: ਮੁੰਬਈ ’ਚ ਤਾਜ ਹੋਟਲ ਸਮੂਹ ਦੇ ਕਈ ਮੁਲਾਜ਼ਮ ਕਰੋਨਾ ਦੇ ਪਾਜ਼ੇਟਿਵ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਿੱਛੇ ਜਿਹੇ 500 ਦੇ ਕਰੀਬ ਵਿਅਕਤੀਆਂ ਦੀ ਕੀਤੀ ਗਈ ਜਾਂਚ ਤੋਂ ਬਾਅਦ ਇਹ ਕੇਸ ਸਾਹਮਣੇ ਆਏ ਹਨ।
ਭਾਰਤੀ ਹੋਟਲ ਕੰਪਨੀ ਲਿਮਟਡ (ਆਈਐੱਚਸੀਐੱਸ) ਦੇ ਬੁਲਾਰੇ ਨੇ ਦੱਸਿਆ, ‘ਜੋ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਉਹ ਨਾ ਤਾਂ ਬਿਮਾਰ ਸੀ ਤੇ ਨਾ ਹੀ ਉਨ੍ਹਾਂ ’ਚ ਇਸ ਮਹਾਮਾਰੀ ਨਾਲ ਸਬੰਧਤ ਕੋਈ ਚਿੰਨ੍ਹ ਦਿਖਾਈ ਦਿੱਤਾ ਸੀ। ਹਾਲਾਂਕਿ ਹੋਟਲ ਦੇ ਸਟਾਫ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕੀਤਾ ਗਿਆ ਹੈ।’ ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਦੇ ਸੰਪਰਕ ’ਚ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਇਕਾਂਤਵਾਸ ’ਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤਾਜ ਮਹਿਲ ਪੈਲੇਸ ਤੇ ਟਾਵਰ ’ਚ ਲੌਕਡਾਊਨ ਤੋਂ ਬਾਅਦ ਕੋਈ ਵੀ ਮੁਸਾਫਰ ਨਹੀਂ ਠਹਿਰਿਆ ਹੋਇਆ ਤੇ ਇੱਥੇ ਘੱਟ ਤੋਂ ਘੱਟ ਅਮਲੇ ਦੀ ਡਿਊਟੀ ਲਗਾਈ ਗਈ ਹੈ। ਆਈਐੱਚਸੀਐੱਲ ਵੱਲੋਂ ਇਸ ਹੋਟਲ ਦੇ ਦਰਵਾਜ਼ੇ ਮੈਡੀਕਲ ਅਮਲੇ ਤੇ ਸਿਹਤ ਵਰਕਰਾਂ ਦੇ ਠਹਿਰਨ ਲਈ ਖੋਲ੍ਹੇ ਜਾਣ ਮਗਰੋਂ ਇੱਥੋਂ ਦੇ ਮੁਲਾਜ਼ਮ ਕਰੋਨਾ ਪੀੜਤ ਪਾਏ ਗਏ ਹਨ। ਇਸ ਦੇ ਨਾਲ ਹੀ ਮੁੰਬਈ ਦੇ ਕੁਝ ਹੋਟਲਾਂ ਵੱਲੋਂ ਕਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ‘ਇਕਾਂਤਵਾਸ’ ’ਚ ਰੱਖਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਬੁਲਾਰੇ ਨੇ ਕਿਹਾ, ‘ਇਸ ਸੰਕਟ ਦੇ ਸਮੇਂ ਆਪਣੇ ਸਹਾਇਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ ਅਤੇ ਇਸੇ ਲਈ ਅਸੀਂ ਉਨ੍ਹਾਂ ਦੀ ਨਿਰਧਾਰਤ ਨਿਯਮਾਂ ਤਹਿਤ ਜਾਂਚ ਕਰਵਾ ਰਹੇ ਹਾਂ।