ਗੈਰ ਕਾਨੂੰਨੀ ਅਮਰੀਕਾ ਗਏ ਪੰਜਾਬੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ

0
1876

ਜਲੰਧਰ: ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖ਼ਲ ਹੋਏ ਪੰਜਾਬੀਆਂ ਨੂੰ ਅਮਰੀਕਾ ਪ੍ਰਸ਼ਾਸਨ ਨੇ ਧੜਾਧੜ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਪਿਛਲੇ ਇਕ ਹਫ਼ਤੇ ਵਿਚ ਹੀ ਘੱਟੋ-ਘੱਟ ਇਕ ਸੌ ਦੇ ਕਰੀਬ ਡਿਪੋਰਟ ਕੀਤੇ ਪੰਜਾਬੀਆਂ ਦੇ ਸ਼ਿਕਾਗੋ ਤੋਂ ਹਵਾਈ ਉਡਾਣ ਰਾਹੀਂ ਦਿੱਲੀ ਪੁੱਜਣ ਦਾ ਪਤਾ ਲੱਗਾ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਤਿੰਨ ਕੁ ਮਹੀਨੇ ਵਿਚ ਹੀ 400 ਦੇ ਕਰੀਬ ਪੰਜਾਬੀ ਡਿਪੋਰਟ ਕੀਤੇ ਜਾ ਚੁੱਕੇ ਹਨ। ਪਤਾ ਲੱਗਾ ਹੈ ਕਿ ਇਸ ਵੇਲੇ ਘੱਟੋ-ਘੱਟ 900 ਦੇ ਕਰੀਬ ਪੰਜਾਬੀ ਮਿਸੀਸਿਪੀ, ਕੈਲੀਫੋਰਨੀਆ ਤੇ ਟੈਕਸਾਸ ਦੀਆਂ ਜੇਲ੍ਹਾਂ ਵਿਚ ਸੜ ਰਹੇ ਹਨ, ਦਰਜਨ ਦੇ ਕਰੀਬ ਹੋਰ ਅਜਿਹੇ ਕੇਂਦਰ ਹਨ ਜਿਥੇ ਅਮਰੀਕਾ ’ਚ ਗ਼ੈਰ-ਕਾਨੂੰਨੀ ਦਾਖ਼ਲ ਹੋਏ, ਗ੍ਰਿਫਤਾਰ ਕੀਤੇ ਵਿਅਕਤੀ ਰੱਖੇ ਜਾ ਰਹੇ ਹਨ।
ਇਨ੍ਹਾਂ ਕੇਂਦਰਾਂ ’ਚ ਪੰਜਾਬੀਆਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। ਵਾਪਸ ਪਰਤੇ ਸੁਲਤਾਨਪੁਰ ਲੋਧੀ ਤੇ ਤਰਨ ਤਾਰਨ ਖ਼ੇਤਰ ਦੇ ਕੁਝ ਨੌਜਵਾਨਾਂ ਨਾਲ ਗੱਲਬਾਤ ਤੋਂ ਪਤਾ ਲੱਗਾ ਹੈ ਕਿ 50 ਪੰਜਾਬੀ 18 ਅਗਸਤ ਨੂੰ, 19 ਜਣੇ 22 ਅਗਸਤ ਤੇ 36 ਪੰਜਾਬੀ 24 ਅਗਸਤ ਤੋਂ ਫਲਾਈਟਾਂ ਰਾਹੀਂ ਡਿਪੋਰਟ ਹੋ ਕੇ ਦਿੱਲੀ ਹਵਾਈ ਅੱਡੇ ’ਤੇ ਉਤਰੇ ਹਨ। ਡਿਪੋਰਟ ਹੋਏ ਇਹ ਵਿਅਕਤੀ ਸ਼ਿਕਾਗੋ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਨਵੀਂ ਦਿੱਲੀ ਹਵਾਈ ਅੱਡੇ ’ਤੇ ਉਤਰੇ ਹਨ। ਅਦਾਲਤ ਵਲੋਂ ਵਾਪਸ ਭੇਜਣ ਦੇ ਹੁਕਮਾਂ ਵਾਲੇ ਪੰਜਾਬੀਆਂ ਨੂੰ ਵੱਖ-ਵੱਖ ਸਟੇਟਾਂ ਤੋਂ ਸ਼ਿਕਾਗੋ ਵਿਖੇ ਇਕੱਠਾ ਕਰਕੇ ਜਹਾਜ਼ ਚੜ੍ਹਾਇਆ ਜਾ ਰਿਹਾ ਹੈ। ਵਾਪਸ ਪਰਤੇ ਵਿਅਕਤੀਆਂ ਤੇ ਅਮਰੀਕਾ ’ਚ ਇਮੀਗ੍ਰੇਸ਼ਨ ਨਾਲ ਜੁੜੇ ਕੁਝ ਵਕੀਲਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੈਲੀਫੋਰਨੀਆ ’ਚ ਅਡਲੈਂਟੋ ਤੇ ਸੈਨਡਿਆਗੋ, ਐਰੀਜ਼ੋਨਾ ਸਟੇਟ ’ਚ ਸੈਨ ਲੁਈਸ, ਲੂਸੀਆਨਾ ਸਟੇਟ ’ਚ ਸੈਲੇ, ਫਲੋਰੀਡਾ ਦੇ ਮਿਆਮੀ, ਟੈਕਸਾਸ ’ਚ ਮੌਾਟਗੋਮਰੀ ਅਤੇ ਜੌਏਕੋਰਲੇ ਦੇ ਡਿਟੈਨਸ਼ਨ ਕੇਂਦਰਾਂ ਵਿਚ ਗ਼ੈਰ-ਕਾਨੂੰਨੀ ਗਏ ਪੰਜਾਬੀਆਂ ਨੂੰ ਰੱਖਿਆ ਜਾ ਰਿਹਾ ਹੈ। ਵੱਖ-ਵੱਖ ਸੂਤਰਾਂ ਦੇ ਦੱਸਣ ਮੁਤਾਬਿਕ ਇਸ ਵੇਲੇ ਯੂ.ਐਸ. ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੇ ਅਧਿਕਾਰੀ ਥੋਕ ਵਿਚ ਗ਼ੈਰ-ਕਾਨੂੰਨੀ ਦਾਖ਼ਲੇ ਵਾਲੇ ਵਿਅਕਤੀਆਂ ਦੇ ਕੇਸ ਰੱਦ ਕਰ ਰਹੇ ਹਨ, ਫਿਰ ਜਦ ਫੜੇ ਵਿਅਕਤੀ ਅਦਾਲਤ ਸਾਹਮਣੇ ਅਪੀਲ ਪਾਉਂਦੇ ਹਨ, ਉਥੇ ਵੀ ਕੋਈ ਸੁਣਵਾਈ ਨਹੀਂ।
ਟੈਕਸਾਸ ਦੇ ਮੌਾਟਗੋਮਰੀ ਕੇਂਦਰ ਤੋਂ ਵਾਪਸ ਪਰਤੇ ਇਕ ਨੌਜਵਾਨ ਨੇ ਦੱਸਿਆ ਕਿ ਕੇਂਦਰਾਂ ਵਿਚ ਹੀ ਅਦਾਲਤਾਂ ਲਗਦੀਆਂ ਹਨ ਤੇ ਜੱਜ ਕੇਸ ਪੜ੍ਹਨ ਜਾਂ ਸੁਣਵਾਈ ਕਰਨ ਦੀ ਬਜਾਏ ਕਮਰੇ ’ਚ 10-10 ਵਿਅਕਤੀਆਂ ਨੂੰ ਸੱਦ ਕੇ ਕੇਸ ਰੱਦ ਕਰਨ ਦੇ ਫ਼ੈਸਲੇ ਸੁਣਾਏ ਜਾ ਰਹੇ ਹਨ। ਸੁਲਤਾਨਪੁਰ ਲੋਧੀ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਅਪ੍ਰੈਲ ਮਹੀਨੇ ਗਿਆ ਸੀ ਤੇ 35 ਲੱਖ ਰੁਪਏ ਲੁਟਾ ਵਾਪਸ ਵੀ ਆ ਗਿਆ ਹੈ।