ਅਸਲੀ ‘ਟੁਕੜੇ ਟੁਕੜੇ ਗੈਂਗ’ ਹੈ ਭਾਜਪਾ: ਸੁਖਬੀਰ

0
934

ਚੰਡੀਗੜ੍ਹ: ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਭਾਜਪਾ ’ਤੇ ਹਮਲਾ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਆਪਣੀ ਪੁਰਾਣੀ ਭਾਈਵਾਲ ਪਾਰਟੀ ਭਾਜਪਾ ਨੂੰ ‘ਅਸਲੀ ਟੁਕੜੇ ਟੁਕੜੇ ਗੈਂਗ’ ਕਰਾਰ ਦਿੰਦਿਆਂ, ਉਸ ’ਤੇ ਪੰਜਾਬ ਵਿੱਚ ਹਿੰਦੂਆਂ ਨੂੰ ਸਿੱਖਾਂ ਖਿਲਾਫ਼ ਭੜਕਾਉਣ ਦਾ ਦੋਸ਼ ਲਾਇਆ। ਬਾਦਲ ਨੇ ਕਿਹਾ ਕਿ ਭਾਜਪਾ ਨੂੰ ਖੇਤੀ ਕਾਨੂੰਨਾਂ ’ਤੇ ‘ਹੰਕਾਰੀ ਰਵੱਈਆ’ ਛੱਡ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਭਾਜਪਾ ਨੂੰ ਚਿਤਾਵਨੀ ਦਿੰਦਿਆਂ ਹਿੰਦੂਆਂ ਨੂੰ ਸਿੱਖਾਂ ਖ਼ਿਲਾਫ਼ ਭੜਕਾਉਣ ਤੋਂ ਗੁਰੇਜ਼ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਕੋਈ ਕੇਂਦਰ ਦੇ ਪੱਖ ਵਿੱਚ ਬੋਲਦਾ ਹੈ ਤਾਂ ਉਸ ਨੂੰ ਦੇਸ਼ ਭਗਤ ਕਿਹਾ ਜਾਂਦਾ ਹੈ ਤੇ ਜੇ ਉਹ ਉਸ ਖਿਲਾਫ਼ ਬੋਲਦਾ ਹੈ ਤਾਂ ਉਸ ਨੂੰ ‘ਟੁਕੜੇ ਟੁਕੜੇ ਗੈਂਗ’ ਕਿਹਾ ਜਾਂਦਾ ਹੈ। ਬਾਦਲ ਨੇ ਟਵੀਟ ਕਰਕੇ ਦੋਸ਼ ਲਾਇਆ, ‘ ਮੁਲਕ ਵਿੱਚ ਭਾਜਪਾ ਅਸਲੀ ਟੁਕੜੇ ਟੁਕੜੇ ਗੈਂਗ ਹੈ। ਉਸ ਨੇ ਦੇਸ਼ ਦੀ ਏਕਤਾ ਨੂੰ ਟੋਟਿਆਂ ਵਿੱਚ ਵੰਡ ਦਿੱਤਾ ਹੈ। ਬੇਸ਼ਰਮੀ ਨਾਲ ਹਿੰਦੂਆਂ ਨੂੰ ਮੁਸਲਮਾਨਾਂ ਖ਼ਿਲਾਫ਼ ਭੜਕਾ ਰਹੀ ਹੈ ਅਤੇ ਹੁਣ ਬੁਖਲਾਹਟ ਵਿੱਚ ਪੰਜਾਬੀ ਹਿੰਦੂਆਂ ਨੂੰ ਉਨ੍ਹਾਂ ਦੇ ਸਿੱਖ ਭਰਾਵਾਂ ਖਾਸਕਰ ਕਿਸਾਨਾਂ ਖਿਲਾਫ਼ ਕਰ ਰਹੀ ਹੈ। ਉਹ ਦੇਸ਼ਭਗਤ ਪੰਜਾਬ ਨੂੰ ਫਿਰਕੂ ਅੱਗ ਵਿੱਚ ਧੱਕ ਰਹੀ ਹੈ। ’