ਧਾਲੀਵਾਲ ਨੂੰ ਸਮਰਪਿਤ ਡਾਕਘਰ ਦੇ ਨਾਂ ’ਤੇ ਟਰੰਪ ਨੇ ਸਹੀ ਪਾਈ

0
899

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਕਸਸ ਦੇ ਇਕ ਡਾਕਘਰ ਦਾ ਨਾਂ ਸਿੱਖ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਵਾਲੇ ਹੁਕਮ ਉਤੇ ਸਹੀ ਪਾ ਦਿੱਤੀ। ਦੱਸਣਯੋਗ ਹੈ ਕਿ ਸੰਦੀਪ ਨੂੰ ਡਿਊਟੀ ਦੌਰਾਨ ਸਾਲ ਪਹਿਲਾਂ ਹਿਊਸਟਨ ਵਿਚ ਟਰੈਫਿਕ ਸਟਾਪ ’ਤੇ ਇਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਸੀ। ਟਰੰਪ ਵੱਲੋਂ ਦਸਤਖ਼ਤ ਕਰਨ ਮਗਰੋਂ ਵਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਹੁਣ ‘ਯੂਐੱਸ ਪੋਸਟਲ ਸਰਵਿਸ, 315 ਐਡਿਕਸ ਹੌਵੈੱਲ ਰੋਡ, ਹਿਊਸਟਨ, ਟੈਕਸਸ ਦਾ ਨਾਂ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਬਿਲਡਿੰਗ’ ਹੋਵੇਗਾ। ਕਿਸੇ ਭਾਰਤੀ ਅਮਰੀਕੀ ਦੇ ਨਾਂ ਉਤੇ ਇਹ ਅਮਰੀਕਾ ਵਿਚ ਦੂਜਾ ਡਾਕਘਰ ਹੋਵੇਗਾ। ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿਚ ਪਹਿਲੇ ਭਾਰਤੀ-ਅਮਰੀਕੀ ਸੰਸਦ ਮੈਂਬਰ ਦਲੀਪ ਸਿੰਘ ਸੌਂਦ ਦੇ ਨਾਂ ਉਤੇ ਵੀ ਇਕ ਡਾਕਘਰ ਹੈ। ਇਸ ਸਬੰਧੀ ਇਕ ਕਾਨੂੰਨ ਹਾਲ ਹੀ ਵਿਚ ਪ੍ਰਤੀਨਿਧੀ ਸਭਾ ਤੇ ਸੈਨੇਟ ਨੇ ਪਾਸ ਕੀਤਾ ਸੀ।

ਸੈਨੇਟ ਵਿਚ ਟੈਕਸਸ ਦੇ ਸੈਨੇਟਰ ਟੈੱਡ ਕਰੂਜ਼ ਨੇ ਕਿਹਾ ਕਿ ਧਾਲੀਵਾਲ ਇਕ ਨਾਇਕ ਸੀ। ਆਪਣੇ ਧਰਮ ਪ੍ਰਤੀ ਵਚਨਬੱਧਤਾ ਕਾਇਮ ਰੱਖ ਕੇ ਉਸ ਨੇ ਨਵੀਆਂ ਪੈੜਾਂ ਪਾਈਆਂ। ਉਹ ਸਿੱਖਾਂ ਦੀਆਂ ਅਗਲੀਆਂ ਪੀੜ੍ਹੀਆਂ ਤੇ ਹੋਰਾਂ ਘੱਟ ਗਿਣਤੀਆਂ ਲਈ ਪ੍ਰੇਰਣਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਪੁਲੀਸ ਭਾਈਚਾਰੇ ’ਤੇ ਵੀ ਉਹ ਡੂੰਘੀ ਛਾਪ ਛੱਡ ਗਿਆ ਹੈ।