ਮਾਸਕ ‘ਤੇ ਹਫਤਾ ਅਤੇ ਨੋਟ ‘ਤੇ ਕਈ ਦਿਨ ਜਿਊਂਦਾ ਰਹਿ ਸਕਦੈ ਕੋਰੋਨਾ

0
919

ਬੀਜਿੰਗ: ਕੋਵਿਡ-੧੯ ਨੂੰ ਲੈ ਕੇ ਇਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਚਿਹਰੇ ‘ਤੇ ਲਗਾਏ ਜਾਣ ਵਾਲੇ ਮਾਸਕ ‘ਤੇ ਹਫਤਾ ਭਰ ਅਤੇ ਕਰੰਸੀ ਨੋਟ, ਸਟੇਨਲੈੱਸ ਸਟੀਲ ਅਤੇ ਪਲਾਸਟਿਕ ‘ਤੇ ਕਈ-ਕਈ ਦਿਨ ਜਿਊਂਦਾ ਰਹਿ ਸਕਦਾ ਹੈ। ਹਾਲਾਂਕਿ ਘਰੇਲੂ ਕੀਟਨਾਸ਼ਕਾਂ, ਬਲੀਚ ਅਤੇ ਸਾਬਣ ਨਾਲ ਲਗਾਤਾਰ ਹੱਥ ਧੋ ਕੇ ਇਸ ਦਾ ਸਫਾਇਆ ਕੀਤਾ ਜਾ ਸਕਦਾ ਹੈ।
ਹਾਂਗਕਾਂਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ ਦੇ ਸਿੱਟਿਆਂ ਦੇ ਆਧਾਰ ‘ਤੇ ਦੱਸਿਆ ਕਿ ਸਟੇਨਲੈੱਸ ਸਟੀਲ ਅਤੇ ਪਲਾਸਟਿਕ ਦੀ ਸਤ੍ਹਾ ‘ਤੇ ਇਹ ਵਾਇਰਸ ਚਾਰ ਦਿਨ ਤੱਕ ਜੀਉਂਦਾ ਰਹਿ ਸਕਦਾ ਹੈ। ਇਹ ਜਾਣਕਾਰੀ ਹਾਂਗਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਦਿੱਤੀ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਸੋਮਵਾਰ ਨੂੰ ਦੱਸਿਆ ਕਿ ਅਧਿਐਨ ‘ਚ ਪਾਇਆ ਗਿਆ ਕਿ ਕੋਰੋਨਾ ਵਾਇਰਸ ਸਟੇਨਲੈੱਸ ਸਟੀਲ ਅਤੇ ਪਲਾਸਟਿਕ ਦੀਆਂ ਪਰਤਾਂ ‘ਤੇ ਚਾਰ ਦਿਨ ਤੱਕ ਚਿਪਕਿਆ ਰਹਿ ਸਕਦਾ ਹੈ ਅਤੇ ਚਿਹਰੇ ‘ਤੇ ਲਗਾਏ ਜਾਣ ਵਾਲੇ ਮਾਸਕ ਦੀ ਬਾਹਰੀ ਪਰਤ ‘ਤੇ ਹਫਤੇ ਤੱਕ ਜਿਊਂਦਾ ਰਹਿ ਸਕਦਾ ਹੈ। ਇਹ ਅਧਿਐਨ ਸਾਰਸ-ਸੀ. ਓ. ਵੀ.-੨ ਦੀ ਸਥਿਰਤਾ ਨੂੰ ਲੈ ਕੇ ਲਗਾਤਾਰ ਹੋ ਰਹੇ ਖੋਜਕਾਰਾਂ ‘ਚ ਹੋਰ ਜਾਣਕਾਰੀ ਜੋੜਦਾ ਹੈ ਅਤੇ ਦੱਸਦਾ ਹੈ ਕਿ ਇਸ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ।
ਇਨ੍ਹਾਂ ਦੋਹਾਂ ਖੋਜਕਰਤਾਵਾਂ ਨੇ ਕਮਰੇ ਦੇ ਤਾਪਮਾਨ ‘ਤੇ ਵੱਖ-ਵੱਖ ਸਤ੍ਹਾ ‘ਤੇ ਇਸ ਦੀ ਸਰਗਰਮੀ ਦਾ ਪਤਾ ਲਗਾਇਆ ਹੈ। ਉਨ੍ਹਾਂ ਨੇ ਪਤਾ ਲਗਾਇਆ ਕਿ ਲੁਕੇ ਹੋਏ ਕਾਗਜ਼ ਅਤੇ ਟਿਸ਼ੂ ਪੇਪਰ ‘ਤੇ ਇਹ ਤਿੰਨ ਘੰਟੇ ਸਰਗਰਮ ਰਿਹਾ, ਜਦੋਂ ਕਿ ਲਕੜੀ ਅਤੇ ਕੱਪੜੇ ‘ਤੇ ਇਹ ਇਕ ਦਿਨ ਤੱਕ ਬਣਿਆ ਰਿਹਾ। ਕੱਚ ਅਤੇ ਬੈਂਕਨੋਟ ‘ਤੇ ਚਾਰ ਦਿਨ ਬਾਅਦ ਹੀ ਇਸ ਦਾ ਸਫਾਇਆ ਹੋ ਸਕਿਆ। ਸਟੇਨਲੈੱਸ ਸਟੀਲ ਅਤੇ ਪਲਾਸਟਿਕ ਦੀ ਸਤ੍ਹਾ ਤੋਂ ਪੂਰੀ ਤਰ੍ਹਾਂ ਖਤਮ ਹੋਣ ਵਿਚ ਇਸ ਨੂੰ ਚਾਰ ਤੋਂ ੭ ਦਿਨ ਲੱਗ ਗਏ।
ਖੋਜਕਰਤਾਵਾਂ ਨੇ ਦੱਸਿਆ ਕਿ ਹੋਰ ਸਤ੍ਹਾ ‘ਤੇ ਇਹ ਵਾਇਰਸ ਸਮਾਂ ਬੀਤਣ ਦੇ ਨਾਲ ਤੇਜ਼ੀ ਨਾਲ ਖਤਮ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਖੋਜ ਲੈਬ ਵਿਚ ਸੁਰੱਖਿਆ ਤਰੀਕਿਆਂ ਨੂੰ ਅਪਣਾਉਂਦੇ ਹੋਏ ਬਿਨਾਂ ਉਂਗਲੀ ਜਾਂ ਹੱਥ ਲਗਾਏ ਕੀਤਾ ਜਾਂਦਾ ਹੈ। ਇਨ੍ਹਾਂ ਸਿੱਟਿਆਂ ਤੋਂ ਇਹ ਨਹੀਂ ਦੱਸਿਆ ਜਾ ਸਕਦਾ ਹੈ ਕਿ ਇਨਫੈਕਸ਼ਨ ਸਤ੍ਹਾ ਦੇ ਸੰਪਰਕ ਵਿਚ ਆ ਕੇ ਕਿਸੇ ਦੇ ਇਨਫੈਕਟਿਡ ਹੋਣ ਦੀ ਕਿੰਨੀ ਸੰਭਾਵਨਾ ਹੈ। ਵਕਰਯੋਗ ਹੈ ਕਿ ਪਿਛਲੇ ਮਹੀਨੇ ਨੇਚਰ ਜਰਨਲ ਵਿਚ ਪ੍ਰਕਾਸ਼ਿਤ ਅਮਰੀਕੀ ਖੋਜਕਰਤਾਵਾਂ ਦੀ ਰਿਪੋਰਟ ਵਿਚ ਵੀ ਵੱਖ-ਵੱਖ ਸਤ੍ਹਾ ‘ਤੇ ਕੋਵਿਡ-੧੯ ਦੀ ਸਰਗਰਮੀ ਬਾਰੇ ਰਿਪੋਰਟ ਪ੍ਰਕਾਸ਼ਿਤ ਹੋਈ ਸੀ, ਜਿਸ ਵਿਚ ਇਸ ਵਾਇਰਸ ਦੇ ਪਲਾਸਟਿਕ ਅਤੇ ਸਟੀਲ ਦੀ ਸਤ੍ਹਾ ‘ਤੇ ੭੨ ਘੰਟੇ ਅਤੇ ਤਾਂਬੇ ਦੀ ਸਤ੍ਹਾ ‘ਤੇ ੨੪ ਘੰਟੇ ਜੀਵਤ ਰਹਿਣ ਦੀ ਗੱਲ ਕਹੀ ਗਈ ਸੀ। ਹਾਂਗਕਾਂਗ ਵਿਵੀ ਦੇ ਦੋਹਾਂ ਖੋਜਕਰਤਾਵਾਂ ਨੇ ਕਿਹਾ ਕਿ ਇਸ ਵਾਇਰਸ ਤੋਂ ਬਚਾਅ ਦਾ ਫਿਲਹਾਲ ਸਭ ਤੋਂ ਵਧੀਆ ਉਪਾਅ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹਿਣਾ ਹੈ। ਨਾਲ ਹੀ ਸਾਨੂੰ ਮੂੰਹ ਅਤੇ ਅੱਖਾਂ ਨੂੰ ਹੱਥ ਲਗਾਉਣ ਤੋਂ ਬੱਚਣਾ ਚਾਹੀਦਾ ਹੈ ਕਿਉਂਕਿ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਦਾ ਇਹੀ ਇਕ ਵੱਡਾ ਕਾਰਨ ਹੈ।